ਆਦਰਸ਼ ਸਕੂਲ: ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ
ਜੋਗਿੰਦਰ ਸਿੰਘ ਮਾਨ/ਸ਼ੰਗਾਰਾ ਸਿੰਘ ਅਕਲੀਆ
ਮਾਨਸਾ/ਜੋਗਾ, 4 ਜੁਲਾਈ
ਆਦਰਸ਼ ਸਕੂਲ ਭੁਪਾਲ ਦੇ 21 ਅਧਿਆਪਕਾਂ ਨੂੰ ਫਾਰਗ ਕਰਨ ਖ਼ਿਲਾਫ਼ ਵਿੱਢੇ ਹੋਏ ਸੰਘਰਸ਼ ਸਾਹਮਣੇ ਅੱਜ ਮਾਨਸਾ ਪ੍ਰਸ਼ਾਸਨ ਝੁਕ ਗਿਆ ਅਤੇ ਇੱਕ ਸਮਝੌਤੇ ਰਾਹੀਂ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਅਧਿਆਪਕਾਂ ਵੱਲੋਂ ਰਜਿਸਟਰ ’ਤੇ ਹਾਜ਼ਰੀ ਲਾਉਣ ਤੋਂ ਬਾਅਦ ਸਕੂਲ ਵਿੱਚ ਜੇਤੂ ਰੈਲੀ ਕੀਤੀ ਗਈ। ਇਸ ਜੇਤੂ ਰੈਲੀ ਵਿੱਚ ਅਧਿਆਪਕਾਂ ਦੇ ਹੱਕ ਵਿੱਚ ਡੱਟੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਤੇ ਹੋਰ ਆਗੂ ਮੌਜੂਦ ਸਨ। ਇਸ ਤੋਂ ਪਹਿਲਾਂ ਅੱਜ ਮਾਮਲਾ ਉਸ ਵੇਲੇ ਵਧ ਗਿਆਜਦੋਂ ਤਿੰਨ ਸੰਘਰਸ਼ੀ ਅਧਿਆਪਕ ਮਨਪ੍ਰੀਤ ਕੌਰ, ਵੀਰਪਾਲ ਕੌਰ ਤੇ ਵਿਸ਼ਾਲ ਕੁਮਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਵਾਟਰ ਵਰਕਸ ਵਾਲੀ ਟੈਂਕੀ ’ਤੇ ਜਾ ਚੜ੍ਹੇ। ਅਧਿਆਪਕਾਂ ਵੱਲੋਂ ਆਤਮਦਾਹ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਪੁਲੀਸ ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲੀਸ ਵੱਲੋਂ ਡੀਐੱਸਪੀ ਬੂਟਾ ਸਿੰਘ ਗਿੱਲ ਦੀ ਅਗਵਾਈ ਹੇਠ ਅਧਿਕਾਰੀ ਉਥੇ ਪੁੱਜੇ। ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਸੰਘਰਸ਼ੀ ਅਧਿਆਪਕਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਸੰਘਰਸ਼ ਸਾਹਮਣੇ ਹੱਥ ਖੜ੍ਹੇ ਕਰਦਿਆਂ ਅਧਿਆਪਕਾਂ ਨੂੰ ਬਹਾਲ ਕਰਨ ਦਾ ਫੈਸਲਾ ਸੁਣਾਇਆ। ਇਸ ਫੈਸਲੇ ਤੋਂ ਪਹਿਲਾਂ ਦੋਹਾਂ ਧਿਰਾਂ ਵਿਚਕਾਰ ਕਈ ਗੇੜ ਦੀ ਲੰਬੀ ਵਾਰਤਾਲਾਪ ਚੱਲੀ ਅਤੇ ਜਦੋਂ ਕੋਈ ਮਾਮਲਾ ਤਣ-ਪੱਤਣ ਨਾ ਲੱਗਿਆ ਤਾਂ ਟੈਂਕੀ ਤੋਂ ਆਤਮਦਾਹ ਦੀ ਦਿੱਤੀ ਚਿਤਾਵਨੀ ਨੇ ਮੌਕੇ ’ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਸਲਾਹ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਹਾਲ ਕਰਨ ਦਾ ਬਕਾਇਦਾ ਐਲਾਨ ਕੀਤਾ ਗਿਆ। ਸਕੂਲ ਵਿੱਚ ਮੌਜੂਦ ਅਧਿਆਪਕਾਂ ਵੱਲੋਂ ਰਜਿਸਟਰ ’ਤੇ ਹਾਜ਼ਰੀ ਲਾਉਣ ਤੋਂ ਬਾਅਦ ਟੈਂਕੀ ਉਪਰ ਚੜ੍ਹੇ ਅਧਿਆਪਕ ਥੱਲੇ ਆਏ। ਅਧਿਆਪਕਾਂ ਦੇ ਥੱਲੇ ਆਉਣ ਤੋਂ ਪਹਿਲਾਂ ਅਧਿਆਪਕ ਅਮਰਦੀਪ ਸਿੰਘ ਚੌਹਾਨ ਨੇ ਸਕੂਲ ਪ੍ਰਬੰਧਕਾਂ ਤੋਂ ਰਜਿਸਟਰ ਮੰਗਵਾਇਆ ਅਤੇ ਸਾਰੇ ਫਾਰਗ ਕੀਤੇ ਅਧਿਆਪਕਾਂ ਦੀ ਉਸ ਉਪਰ ਹਾਜ਼ਰੀ ਲਗਵਾਈ ਗਈ। ਬਾਅਦ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਜੇਤੂ ਰੈਲੀ ਕੀਤੀ ਗਈ। ਜੇਤੂ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਫਾਰਗ ਅਧਿਆਪਕਾਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਜੇਕਰ ਇਨ੍ਹਾਂ ਅਧਿਆਪਕਾਂ ਨੂੰ ਭਵਿੱਖ ਵਿੱਚ ਕੋਈ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਵੱਲੋਂ ਨਵੀਂ ਬਿਪਤਾ ਖੜ੍ਹੀ ਕਰਨ ਦੀ ਕੋਸ਼ਿਸ ਕੀਤੀ ਤਾਂ ਜਥੇਬੰਦੀ ਅਧਿਆਪਕਾਂ ਦੇ ਹੱਕ ਵਿੱਚ ਮੁੜ ਸਟੈਂਡ ਲਵੇਗੀ।
ਬੱਚਿਆਂ ਦੀ ਪੜ੍ਹਾਈ ਕਾਰਨ ਲਿਆ ਫ਼ੈਸਲਾ: ਡੀਐੱਸਪੀ
ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਅਧਿਆਪਕਾਂ ਦੀਆਂ ਦਲੀਲਾਂ ਅਤੇ ਅਪੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਮੁੱਖ ਰੱਖਦਿਆਂ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਮਾਹੌਲ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦਿੱਤੀ ਜਾਵੇਗਾ ਤਾਂ ਜੋ ਸ਼ਾਂਤ ਮਾਹੌਲ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਕਰ ਸਕਣ।