ਅਦਾਰਾ ਸਾਹਿਤ ਸਰਵਰ ਵੱਲੋਂ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼
ਸਾਹਿਤ ਸਰਵਰ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਸ਼ਾਇਰ ਅਤੇ ਸ਼੍ਰੋਮਣੀ ਸਾਹਿਤਕਾਰ ਗੁਰਭਜਨ ਗਿੱਲ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼ ਕੀਤਾ ਗਿਆ। ਇਹ ਰਸਮ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ...
ਸਾਹਿਤ ਸਰਵਰ ਬਰਨਾਲਾ ਵੱਲੋਂ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਸ਼ਾਇਰ ਅਤੇ ਸ਼੍ਰੋਮਣੀ ਸਾਹਿਤਕਾਰ ਗੁਰਭਜਨ ਗਿੱਲ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਜ਼ੇਵਰ’ ਰਿਲੀਜ਼ ਕੀਤਾ ਗਿਆ। ਇਹ ਰਸਮ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿੱਤਰ ਨੇ ਸਾਂਝੇ ਤੌਰ ’ਤੇ ਅਦਾ ਕੀਤੀ।
ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗਿੱਲ ਨਿਰੰਤਰ ਕਾਵਿ ਸਾਧਨਾ ਨੂੰ ਸਮਰਪਿਤ ਹੈ। ਉਨ੍ਹਾਂ ਨੇ ਹੁਣ ਤੱਕ ਨੌਂ ਗ਼ਜ਼ਲ ਸੰਗ੍ਰਹਿ ਲਿਖੇ ਹਨ। ਉਨ੍ਹਾਂ ਨੇ ਗੀਤ ਵੀ ਲਿਖੇ ਅਤੇ ਆਜ਼ਾਦ ਨਜ਼ਮ ਵੀ, ਜਿਹੜੀ ਰਿਦਮ ਦੀ ਪ੍ਰਬਲਤਾ ਕਾਰਨ ਤੁਕਬੰਦ ਕਵਿਤਾ ਦੀ ਸਕੀ ਭੈਣ ਵਰਗੀ ਹੀ ਲਗਦੀ ਹੈ। ਸ਼ਾਇਰ ਤਰਸੇਮ ਨੇ ਕਿਹਾ ਕਿ ਗੁਰਭਜਨ ਗਿੱਲ ਆਪਣੇ ਆਪ ਵਿੱਚ ਇਕ ਸੰਸਥਾ ਹਨ, ਸ਼ਾਇਰ ਤਾਂ ਸਿਰਮੌਰ ਹਨ ਹੀ। ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਜੇ ਪ੍ਰੋ. ਮੋਹਨ ਸਿੰਘ ਦਾ ਮੇਲਾ ਲੁਧਿਆਣਾ ਤੋਂ ਸੰਸਾਰ ਪੱਧਰਾ ਹੋਇਆ ਹੈ ਤਾਂ ਉਸ ਵਿੱਚ ਗਿੱਲ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਮੇਘ ਰਾਜ ਮਿੱਤਰ ਨੇ ਕਿਹਾ ਕਿ ਉਹ ਗ਼ਜ਼ਲ ਦਾ ਪਾਠਕ ਨਹੀਂ, ਪਰ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਉਸ ਨੂੰ ਚੰਗੀਆਂ ਲਗਦੀਆਂ ਹਨ। ਡਾ. ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਦੀ ਹਰਮਨਪਿਆਰਤਾ ਵਧਾਉਣ ਵਿਚ ਗਿੱਲ ਦਾ ਵਿਸ਼ੇਸ਼ ਯੋਗਦਾਨ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ਿਆਂ ਦੀ ਬਹੁਲਤਾ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਸੰਘਣਾਪਣ ਪੈਂਦਾ ਕੀਤਾ ਹੈ। ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗਿੱਲ ਜਿੰਨੇ ਗੁਣ ਉਸ ਨੇ ਪੰਜਾਬੀ ਦੇ ਹੋਰ ਕਿਸੇ ਕਵੀ ਵਿਚ ਨਹੀਂ ਵੇਖੇ।

