ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਭਾਜਪਾ ਵੱਲੋਂ ਜ਼ੋਰ-ਸ਼ੋਰ ਨਾਲ ਲੜਨ ਦੀ ਤਿਆਰੀ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੀਆਂ ਨਾਮਜ਼ਦਗੀਆਂ ਅੱਜ ਆਰੰਭ ਹੋਣ ਦੌਰਾਨ ਮਾਨਸਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇਥੇ ਕੀਤੀ ਗਈ ਇੱਕ ਮੀਟਿੰਗ ਦੌਰਾਨ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਜ਼ੋਰਦਾਰ ਟੱਕਰ ਦੀ ਤਿਆਰੀ ਆਰੰਭ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਮੇਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਦਾ ਪਾਰਟੀ ਦਮ ਰੱਖਦੀ ਹੈ। ਉਨ੍ਹਾਂ ਵਰਕਰਾਂ ਦੇ ਹੌਸਲਿਆਂ ਨੂੰ ਮਜ਼ਬੂਤ ਕਰਦਿਆਂ ਕਿਹਾ ਕਿ ਜੋਸ਼ ਨਾਲ ਲੜਾਂਗੇ-ਜੋਸ਼ ਨਾਲ ਜਿੱਤਾਂਗੇ। ਸ੍ਰੀ ਨਕੱਈ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਦੀਆਂ ਨਜ਼ਰਾਂ ਵਿੱਚ ਚੱਲੇ ਹੋਏ ਕਾਰਤੂਸ ਸਾਬਤ ਹੋ ਗਏ ਹਨ।
ਅੱਜ ਇਥੇ ਭਾਜਪਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਸਾਫ਼-ਸੁਥਰੀ ਛਬੀ ਵਾਲੇ ਉਮੀਦਵਾਰਾਂ ਦੀ ਚੋਣ ਕਰ ਲਈ ਹੈ ਅਤੇ ਕੱਲ੍ਹ ਤੱਕ ਉਨ੍ਹਾਂ ਨਾਮ ਜਨਤਕ ਤੌਰ ’ਤੇ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਇਨ੍ਹਾਂ ਚੋਣਾਂ ਪ੍ਰਤੀ ਬਹੁਤ ਉਤਸ਼ਾਹ ਹੈ ਅਤੇ ਲੋਕ ਮੌਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ, ਜਿਸ ਕਾਰਨ ਭਾਜਪਾ ਨੂੰ ਜਿੱਤ ਪ੍ਰਾਪਤ ਕਰਨ ਦਾ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਬੇਹੱਦ ਉਤਸ਼ਾਹ ਹੈ।
ਇਸ ਮੌਕੇ ਗੋਮਾ ਰਾਮ,ਵਿਜੇ ਕੁਮਾਰ ਸਿੰਗਲਾ ਬਠਿੰਡਾ,ਮਨਦੀਪ ਸਿੰਘ ਮਾਨ,ਵਿਨੋਦ ਕੁਮਾਰ ਕਾਲੀ, ਜਸਪ੍ਰੀਤ ਸਿੰਘ,ਦਿਲਬਾਗ ਸਿੰਘ ਫਫੜੇ,ਗੁਰਤੇਜ ਸਿੰਘ ਸਮਾਓ,ਤਿਰਲੋਚਨ ਸਿੰਘ ਜੋਗਾ,ਹਰਬੰਸ ਸਿੰਘ ਭਾਈਦੇਸਾ, ਬਲਵਿੰਦਰ ਸਿੰਘ ਖਿਆਲਾ ਵੀ ਮੌਜੂਦ ਸਨ। ਪੰਜਾਬ ਵਿੱਚ 14 ਦਸੰਬਰ ਨੂੰ ਪੈਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਪਹਿਲੇ ਦਿਨ ਮਾਨਸਾ ਜ਼ਿਲ੍ਹੇ ਵਿੱਚ ਕੋਈ ਵੀ ਨਾਮਜ਼ਦਗੀ ਨਾ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਦਿੱਤੀ ਗਈ ਹੈ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆ ਸਬੰਧੀ ਅੱਜ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮਿਤੀ 1 ਤੋਂ 4 ਦਸੰਬਰ ਹੈ।
ਭਾਜਪਾ ਵੱਲੋਂ ਜਲਦੀ ਹੀ ਕੀਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ: ਰੋਜ਼ੀ ਬਕਰੰਦੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਅਕਾਲੀ ਦਲ ਤੇ ਭਾਜਪਾ ਵੱਲੋਂ ਜਲਦੀ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ’ਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਆਗੂਆਂ ਤੇ ਵਰਕਰਾਂ ਦੀ ਇਕ ਵੱਡੀ ਮੀਟਿੰਗ ਹੋਈ। ਸ੍ਰੀ ਬਰਕੰਦੀ ਨੇ ਦੱਸਿਆ ਕਿ ਜਲਦੀ ਹੀ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੇ ਸਾਰੇ 13 ਜ਼ੋਨਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਉਮੀਦਵਾਰਾਂ ਦੀ ਚੋਣ ਲਈ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਸਾਬਕਾ ਜ਼ਿਲ੍ਹਾ ਟਰਾਂਸਪੋਰਟ ਅਫਸਰ ਗੁਰਚਰਨ ਸਿੰਘ ਸੰਧੂ, ਪੁਸ਼ਪਿੰਦਰ ਸਿੰਘ ਭੰਡਾਰੀ, ਮਿੰਕਲ ਬਜਾਜ, ਰਾਜ ਕੁਮਾਰ ਮੇਲੂ, ਬ੍ਰਿਜੇਸ਼ ਗੁਪਤਾ, ਪਿੰਦਰ ਸਿੰਘ ਸਰਪੰਚ ਅਤੇ ਸਤੀਸ਼ ਭਠੇਜਾ ’ਤੇ ਅਧਾਰਿਤ ਅੱਠ ਮੈਂਬਰੀ ਕਮੇਟੀ ਫੈਸਲਾ ਕਰੇਗੀ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹਲਕੇ ਦੇ ਪਿੰਡ ਸੰਗੂਧੋਣ ਦੀ ਸਮੂਹ ਪੰਚਾਇਤ ਨੂੰ ਸ਼ਾਮਲ ਕਰਨ ਮੌਕੇ ਦਾਅਵਾ ਕੀਤਾ ਕਿ ‘ਆਪ ਸਰਕਾਰ’ ਦੇ ਕੰਮਾਂ ਨੂੰ ਵੇਖਦਿਆਂ ਲੋਕਾਂ ’ਚ ਪੂਰਾ ਉਤਸ਼ਾਹ ਹੈ। ਆਪ ਵੱਡੀ ਲੀਡ ਲੈ ਕੇ ਜੇਤੂ ਰਹੇਗੀ। ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪਰਿਸ਼ਦ ਦੇ 13 ਜ਼ੋਨਾਂ ਅਤੇ ਪੰਚਾਇਤ ਸਮਿਤੀ ਮੁਕਤਸਰ ਦੇ 20 ਅਤੇ ਮਲੋਟ, ਲੰਬੀ ਅਤੇ ਗਿਦੜਬਾਹਾ ਦੇ 25-25 ਜ਼ੋਨਾਂ ਵਾਸਤੇ ਨਾਮਜ਼ਦਗੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਮਜ਼ਦਗੀਆਂ ਦੇ ਅੱਜ ਪਹਿਲੇ ਦਿਨ ਕਿਸੇ ਉਮੀਦਵਾਰਾਂ ਨੇ ਕਾਗਜ਼ ਦਾਖਲ ਨਹੀਂ ਕੀਤੇ।
