ਪੱਤਰ ਪ੍ਰੇਰਕ
ਬਠਿੰਡਾ, 31 ਜਨਵਰੀ
ਬਠਿੰਡਾ ਵਿੱਚ ਨਗਰ ਨਿਗਮ ਬਠਿੰਡਾ ਦੀ ਬਿਲਡਿੰਗ ਬਰਾਂਚ ਦੀ ਟੀਮ ਵੱਲੋਂ ਸ਼ਹਿਰ ਦੀ ਵੱਖ ਵੱਖ ਥਾਵਾਂ ਤੇ ਪੀਲਾ ਪੰਜਾ ਚੱਲਿਆ ਅਤੇ ਕੁਝ ਬਿਲਡਿੰਗਾਂ ਨੂੰ ਸੀਲ ਕੀਤਾ। ਜ਼ਿਕਰਯੋਗ ਹੈ ਕਿ ਬਠਿੰਡਾ ਅੰਦਰ ਵੱਡੇ ਪੱਧਰ ‘ਤੇ ਨਾਜਾਇਜ਼ ਉਸਾਰੀਆਂ ਬਗੈਰ ਨਕਸ਼ਾ ਪਾਸ ਕਰਵਾਏ ਖੁੰਬਾਂ ਵਾਂਗ ਉੱਭਰੀਆਂ ਹਨ।
ਅੱਜ ਨਗਰ ਨਿਗਮ ਦੀ ਟੀਮ ਬਠਿੰਡਾ ਦੇ ਭਾਗ ਰੋਡ, ਸ਼ਕਤੀ ਨਗਰ, ਅਜੀਤ ਰੋਡ, ਗੁਰੂਕੁਲ ਰੋਡ ਸਮੇਤ ਦੁਕਾਨਾਂ ਸਮੇਤ ਕੁਝ ਬਿਲਡਿੰਗਾਂ ਨੂੰ ਸੀਲ ਕੀਤਾ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹਿਆ। ਇਸ ਦੌਰਾਨ ਸ਼ਹਿਰ ਦੀ ਧਾਰਮਿਕ ਸੰਸਥਾ ਮਹਾਵੀਰ ਦਲ ਵੱਲੋਂ ਬਣਾਏ ਗਏ ਹਾਲ ‘ਤੇ ਨਗਰ ਨਿਗਮ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਦਲ ਦੇ ਆਗੂ ਐਡਵੋਕੇਟ ਰਾਜਨ ਗਰਗ ਨੇ ਵਿਰੋਧ ਕੀਤਾ।
ਰਾਜਨ ਗਰਗ ਨੇ ਦਾਅਵਾ ਕੀਤਾ ਕਿ ਉਸ ਨੇ ਸੜਕ ਦਾ ਹਿੱਸਾ ਛੱਡ ਕੇ ਆਪਣੀ ਜਗ੍ਹਾ ਵਿੱਚ ਹਾਲ ਦੀ ਉਸਾਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਫ਼ਸਰ ਨੂੰ ਪਤਾ ਨਾ ਹੋਣ ਕਾਰਨ ਹਾਲ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤੀ ਕਿ ਸੰਸਥਾ ਵੱਲੋਂ ਇਸ ਹਾਲ ਦਾ ਬਕਾਇਦਾ ਨਕਸ਼ਾ ਪਾਸ ਕਰਵਾਇਆ ਗਿਆ ਹੈ। ਉੱਧਰ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਕੁਮਾਰ ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਨਗਰ ਨਿਗਮ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਸਾਰੀਆਂ ਦੇ ਨਕਸ਼ੇ ਪਾਸ ਕਰਵਾਏ ਜਾਣ ਨਹੀਂ ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।