ਪੱਥਰੀ ਦੇ ਅਪਰੇਸ਼ਨ ਮਗਰੋਂ ਵੀ ਸਰੀਰ ’ਚ ਪੱਥਰੀ ਛੱਡਣ ਦਾ ਦੋਸ਼
ਮਰੀਜ਼ ਨੇ ਸੀਐੱਮ ਤੇ ਸਿਹਤ ਵਿਭਾਗ ਕੋਲ ਲਾਈ ਗੁਹਾਰ; ਡਾਕਟਰ ਨੇ ਦੋਸ਼ ਨਕਾਰੇ
ਇੱਥੋਂ ਦੇ ਮੰਡੀ ਕਿੱਲਿਆਂਵਾਲੀ ਦੀ ਬਾਦਲ ਕਾਲੋਨੀ ਸਥਿਤ ਰਾਜ ਹਸਪਤਾਲ ’ਤੇ 16 ਐੱਮ ਐੱਮ ਗੁਰਦੇ ਦੀ ਪੱਥਰੀ ਦੇ ਅਪਰੇਸ਼ਨ ਦੇ ਬਾਵਜੂਦ ਮਰੀਜ਼ ਦੇ ਸਰੀਰ 'ਚ 9.7 ਐੱਮ.ਐੱਮ. ਪੱਥਰੀ ਛੱਡਣ ਦੇ ਦੋਸ਼ ਲੱਗੇ ਹਨ। ਡੱਬਵਾਲੀ ਨਿਵਾਸੀ ਮਰੀਜ਼ ਨੇ ਪੰਜਾਬ ਦੇ ਮੁੱਖ ਮੰਤਰੀ, ਡਾਇਰੈਕਟਰ ਹੈਲਥ ਸਰਵਿਸਿਜ਼ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਹਸਪਤਾਲ ਸੰਚਾਲਕ ਡਾ. ਮੁਕੇਸ਼ ਗੋਇਲ 'ਤੇ ਅਪਰੇਸ਼ਨ ਲਈ 85 ਹਜ਼ਾਰ ਰੁਪਏ ਨਕਦ ਲੈਣ, ਮੁੜ ਪੂਰੀ ਫੀਸ ਮੰਗਣ, ਇਲਾਜ ਦਾ ਬਿੱਲ ਦੇਣ ਬਦਲੇ 9 ਹਜ਼ਾਰ ਰੁਪਏ ਵਾਧੂ ਮੰਗਣ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਡੱਬਵਾਲੀ ਦੇ ਵਾਰਡ ਨੰਬਰ 11 ਦੇ ਵਸਨੀਕ ਘਨਸ਼ਿਆਮ ਦਾਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਗੁਰਦੇ ਵਿੱਚ 16 ਐੱਮ.ਐੱਮ. ਦੀ ਪੱਥਰੀ ਸੀ। ਇਸ ਦੇ ਇਲਾਜ ਲਈ ਉਸ ਨੇ 1 ਅਪਰੈਲ 2026 ਨੂੰ ਰਾਜ ਹਸਪਤਾਲ ਵਿੱਚ ਅਪਰੇਸ਼ਨ ਕਰਵਾਇਆ। ਸ਼ਿਕਾਇਤਕਰਤਾ ਮੁਤਾਬਕ ਡਾਕਟਰ ਨੇ ਅਪਰੇਸ਼ਨ ਅਤੇ ਦਵਾਈਆਂ ਸਮੇਤ ਕੁੱਲ 85 ਹਜ਼ਾਰ ਰੁਪਏ ਨਕਦ ਲਏ ਸਨ।
ਘਨਸ਼ਿਆਮ ਦਾਸ ਦਾ ਕਹਿਣਾ ਹੈ ਕਿ ਅਪਰੇਸ਼ਨ ਤੋਂ ਬਾਅਦ ਉਸ ਨੂੰ ਪੱਥਰੀ ਦੇ ਕੁਝ ਟੁਕੜੇ ਦਿਖਾ ਕੇ ਕਿਹਾ ਗਿਆ ਕਿ ਪੱਥਰੀ ਪੂਰੀ ਤਰ੍ਹਾਂ ਕੱਢ ਦਿੱਤੀ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਵੀ ਦਰਦ ਜਾਰੀ ਰਿਹਾ। ਉਸ ਦਾ ਦੋਸ਼ ਹੈ ਕਿ ਵਾਰ-ਵਾਰ ਹਸਪਤਾਲ ਜਾਣ ਦੇ ਬਾਵਜੂਦ ਉਸ ਨੂੰ ਸਿਰਫ਼ ਦਰਦ ਘਟਾਉਣ ਵਾਲੀਆਂ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਰਹੀਆਂ।
ਲਗਾਤਾਰ ਪ੍ਰੇਸ਼ਾਨੀ ਤੋਂ ਬਾਅਦ ਉਸ ਨੇ ਲੁਧਿਆਣਾ ਦੇ ਇੱਕ ਨਿੱਜੀ ਡਾਇਗਨੋਸਟਿਕ ਸੈਂਟਰ ਤੋਂ ਸੀਟੀ ਸਕੈਨ ਕਰਵਾਇਆ। ਸ਼ਿਕਾਇਤ ਅਨੁਸਾਰ 23 ਮਈ 2026 ਦੀ ਰਿਪੋਰਟ ਵਿੱਚ ਸਰੀਰ ਅੰਦਰ 9.7 ਐੱਮ.ਐੱਮ. × 7.2 ਐੱਮ.ਐੱਮ. ਦੀ ਪੱਥਰੀ ਪਾਈ ਗਈ। ਰਿਪੋਰਟ ਵਿੱਚ ਪੱਥਰੀ ਪਿਸ਼ਾਬ ਵਾਲੀ ਨਲੀ ਦੇ ਆਖਰੀ ਹਿੱਸੇ ਵਿੱਚ ਹੋਣ ਅਤੇ ਇਸ ਕਾਰਨ ਸੱਜੇ ਗੁਰਦੇ ਵਿੱਚ ਹਲਕੀ ਸੋਜ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ ਇਹ ਰਿਪੋਰਟ ਲੈ ਕੇ ਡਾ. ਮੁਕੇਸ਼ ਗੋਇਲ ਕੋਲ ਪੁੱਜਿਆ ਤਾਂ ਉਨ੍ਹਾਂ ਮੈਡੀਕਲ ਰਿਪੋਰਟਾਂ ਸੁੱਟ ਦਿੱਤੇ ਅਤੇ ਕਿਹਾ ਕਿ ਮੁੜ ਅਪਰੇਸ਼ਨ ਕਰਵਾਉਣ ਲਈ ਪੂਰੀ ਫੀਸ ਦੇਣੀ ਪਵੇਗੀ।
ਘਨਸ਼ਿਆਮ ਦਾਸ ਨੇ ਦੋਸ਼ ਲਗਾਇਆ ਕਿ ਇਲਾਜ ਦਾ ਬਿੱਲ ਮੰਗਣ 'ਤੇ ਡਾਕਟਰ ਅਤੇ ਮਹਿਲਾ ਸਟਾਫ ਵੱਲੋਂ 9 ਹਜ਼ਾਰ ਰੁਪਏ ਵਾਧੂ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਸ਼ਿਕਾਇਤਕਰਤਾ ਮੁਤਾਬਕ ਪਰਿਵਾਰ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ। ਪੀੜਤ ਨੇ ਮੁੱਖ ਮੰਤਰੀ ਅਤੇ ਡਾਇਰੈਕਟਰ ਸਿਹਤ ਸਰਵਿਸਿਜ਼, ਪੰਜਾਬ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜ ਕੇ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਡਾ. ਮੁਕੇਸ਼ ਗੋਇਲ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਹਸਪਤਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਮਰੀਜ਼ ਤੋਂ 85 ਹਜ਼ਾਰ ਰੁਪਏ ਨਹੀਂ, ਸਗੋਂ ਸਿਰਫ਼ 30 ਹਜ਼ਾਰ ਰੁਪਏ ਫੀਸ ਲਈ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਅਪਰੇਸ਼ਨ ਵੇਲੇ ਹੀ ਮਰੀਜ਼ ਨੂੰ ਸਾਫ਼ ਦੱਸ ਦਿੱਤਾ ਗਿਆ ਸੀ ਕਿ ਪਿਸ਼ਾਬ ਦੀ ਨਲੀ ਖਰਾਬ ਹੋਣ ਕਾਰਨ ਕੁਝ ਬਰੀਕ ਕਣ ਅੰਦਰ ਰਹਿ ਸਕਦੇ ਹਨ, ਜੋ ਭਵਿੱਖ ਵਿੱਚ ਮੁੜ ਫਸ ਸਕਦੇ ਹਨ।
ਡਾ. ਗੋਇਲ ਨੇ ਕਿਹਾ ਕਿ ਉਹ ਮਰੀਜ਼ ਦਾ ਮੁੜ ਮੁਫ਼ਤ ਇਲਾਜ ਕਰਨ ਲਈ ਵੀ ਤਿਆਰ ਸਨ, ਪਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ 'ਤੇ ਵਧਾ-ਚੜ੍ਹਾ ਕੇ ਜਾਅਲੀ ਬਿੱਲ ਬਣਾਉਣ ਲਈ ਦਬਾਅ ਪਾਇਆ। ਇਨਕਾਰ ਕਰਨ 'ਤੇ ਪਰਿਵਾਰ ਵੱਲੋਂ ਫੋਨ 'ਤੇ ਬਦਤਮੀਜ਼ੀ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ 9 ਹਜ਼ਾਰ ਰੁਪਏ ਕਿਸੇ ਵਾਧੂ ਟੈਕਸ ਵਜੋਂ ਨਹੀਂ ਮੰਗੇ ਗਏ ਸਨ, ਸਗੋਂ ਬੀਮਾ ਆਦਿ ਲਈ ਪੂਰਾ ਬਿੱਲ ਬਣਾਉਣ ਦੀ ਮੰਗ ਹੋਣ 'ਤੇ ਪਹਿਲਾਂ ਦਿੱਤੀ ਛੋਟ ਦੇ 9 ਹਜ਼ਾਰ ਰੁਪਏ ਵਾਪਸ ਜੋੜਨ ਦੀ ਗੱਲ ਕੀਤੀ ਗਈ ਸੀ।

