ਪੱਤਰ ਪ੍ਰੇਰਕ
ਟੱਲੇਵਾਲshy;, 31 ਜਨਵਰੀ
ਪਿੰਡ ਟੱਲੇਵਾਲ ਨੇੜੇ ਬਰਨਾਲਾ-ਮੋਗਾ ਕੌਮੀ ਮਾਰਗ ‘ਤੇ ਓਵਰਬ੍ਰਿਜ ਉੱਤੇ ਵਾਪਰੇ ਸੜਕ ਹਾਦਸੇ ਵਿੱਚ ਅੱਜ ਇੱਕ ਮੋਟਰਸਾਈਕਲ ਸਵਾਰ 20 ਫੁੱਟ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਉਸ ਨੇ ਓਵਰਬ੍ਰਿਜ ‘ਤੇ ਪੁੱਟੇ ਟੋਏ ਤੋਂ ਬੱਚਣ ਲਈ ਬਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਡੀਐੱਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਦਰਸ਼ਨ ਸਿੰਘ ਵਾਸੀ ਟੱਲੇਵਾਲ ਵਜੋਂ ਹੋਈ ਹੈ।
ਇਸੇ ਦੌਰਾਨ ਇੱਥੇ ਰੋਜ਼ਾਨਾ ਵਾਪਰਦੇ ਹਾਦਿਸਆਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕੌਮੀ ਹਾਈਵੇਅ ‘ਤੇ ਧਰਨਾ ਲਾ ਦਿੱਤਾ ਅਤੇ ਬਰਨਾਲਾ-ਮੋਗਾ ਸੜਕ ਡੇਢ ਘੰਟਾ ਜਾਮ ਕਰ ਕੇ ਰੱਖੀ। ਧਰਨਾਕਾਰੀਆਂ ਨੇ ਇਨ੍ਹਾਂ ਹਾਦਸਿਆਂ ਲਈ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੇ ਓਵਰਬ੍ਰਿਜ ‘ਤੇ ਟੋਏ ਪੁੱਟੇ ਹੋਏ ਹਨ। ਜਦੋਂ ਦਰਸ਼ਨ ਸਿੰਘ ਵਾਸੀ ਟੱਲੇਵਾਲ ਨੇ ਅੱਜ ਓਵਰਬ੍ਰਿਜ ਦੇ ਇਸ ਟੋਏ ਤੋਂ ਬਚਣ ਲਈ ਮੋਟਰਸਾਈਕਲ ਦੀ ਬਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਓਵਰਬ੍ਰਿਜ ਤੋਂ 20 ਫੁੱਟ ਹੇਠਾਂ ਡਿੱਗ ਗਿਆ। ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਕਿਸਾਨ ਆਗੂ ਰੁਪਿੰਦਰ ਸਿੰਘ ਭਿੰਦਾ,shy; ਮਾਸਟਰ ਰਣਜੀਤ ਸਿੰਘ ਤੇ ਤੇਜਿੰਦਰ ਸਿੰਘ ਧਨੋਆ ਨੇ ਦੋਸ਼ ਲਾਇਆ ਕਿ ਇਸ ਸੜਕ ਨੂੰ ਬਣਾਉਣ ਵਾਲੀ ਕੰਪਨੀ ਵੱਲੋਂ ਓਵਰਬ੍ਰਿਜ ‘ਤੇ ਕਈ ਥਾਈਂ ਟੋਏ ਪੁੱਟੇ ਹੋਏ ਹਨ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਇਨ੍ਹਾਂ ਟੋਇਆਂ ਕਾਰਨ ਦਰਜਨ ਤੋਂ ਵੱਧ ਹਾਦਸੇ ਵਾਪਰ ਚੁੱਕੇ ਹਨshy;। ਕੁੱਝ ਸਮੇਂ ਬਾਅਦ ਮੌਕੇ ‘ਤੇ ਟੱਲੇਵਾਲ ਥਾਣੇ ਦੀ ਪੁਲੀਸ ਅਤੇ ਸੜਕ ਨਿਰਮਾਣ ਕੰਪਨੀ ਦੇ ਕਰਮਚਾਰੀ ਪਹੁੰਚੇ। ਉਨ੍ਹਾਂ ਲਿਖਤੀ ਤੌਰ ‘ਤੇ ਥਾਂ ਥਾਂ ਤੋਂ ਪੁੱਟੀ ਸੜਕ ਠੀਕ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਖਤਮ ਕੀਤਾ ਅਤੇ ਸੜਕ ‘ਤੇ ਆਵਾਜਾਈ ਬਹਾਲ ਹੋ ਗਈ।
ਸੜਕ ਹਾਦਸੇ ‘ਚ ਰੈੱਡਟੇਪ ਸ਼ੋਅਰੂਮ ਦਾ ਮਾਲਕ ਹਲਾਕ
ਅਬੋਹਰ (ਪੱਤਰ ਪ੍ਰੇਰਕ): ਇੱਥੇ ਨਵੀਂ ਅਨਾਜ ਮੰਡੀ ਸਾਹਮਣੇ ਸਥਿਤ ਰੈੱਡਟੇਪ ਸ਼ੋਅਰੂਮ ਦੇ ਮਾਲਕ ਅੰਕਿਤ ਗਿਰਧਰ ਪੁੱਤਰ ਸੁਧੀਰ ਗਿਰਧਰ (26) ਦੀ ਅੱਜ ਸ਼ਾਮ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਸ਼ਾਮ ਨੂੰ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਤੇਜ਼ ਰਫਤਾਰ ਨਾਲ ਆ ਰਹੇ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੰਕਿਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਬਾਜ਼ਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਸੋਗ ਵਜੋਂ ਪੁਰਾਣੀ ਫਾਜ਼ਿਲਕਾ ਰੋਡ ‘ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।
ਸੜਕ ਹਾਦਸੇ ਨੇ ਲਈ ਸਾਈਕਲ ਸਵਾਰ ਦੀ ਜਾਨ
ਅਬੋਹਰ (ਪੱਤਰ ਪ੍ਰੇਰਕ): ਮਲੋਟ ਰੋਡ ‘ਤੇ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁੰਡਲ ਵਾਸੀ ਸੋਹਣ ਸਿੰਘ ਆਪਣੇ ਸਾਈਕਲ ‘ਤੇ ਪਿੰਡ ਵੱਲ ਜਾ ਰਿਹਾ ਸੀ। ਮਲੋਟ ਬਾਈਪਾਸ ਨੇੜੇ ਸਾਹਮਣਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਕਾਫੀ ਦੂਰ ਸੜਕ ‘ਤੇ ਡਿੱਗ ਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ-1 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
ਮਲੋਟ ਵਿੱਚ ਗੋਲ ਚੌਕ ਨਾਲ ਟਕਰਾਈ ਕਾਰ
ਮਲੋਟ (ਨਿੱਜੀ ਪੱਤਰ ਪ੍ਰੇਰਕ): ਮਲੋਟ ਵਿੱਚ ਅੱਜ ਇੱਕ ਕਾਰ ਗੋਲ ਚੌਕ ਨਾਲ ਟਕਰਾ ਗਈ। ਹਾਲਾਂਕਿ, ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਚੌਕ ਨਾਲ ਹਰ ਦੂਜੇ-ਤੀਜੇ ਦਿਨ ਕੋਈ ਨਾ ਕੋਈ ਵਾਹਨ ਟਕਰਾ ਜਾਂਦਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਧੁੰਦ ਕਾਰਨ ਗੋਲ ਚੌਕ ਨਾਲ ਲਗਪਗ ਅੱਧੀ ਦਰਜਨ ਕਾਰਾਂ ਇੱਕੋ ਸਮੇਂ ਟਕਰਾ ਗਈਆਂ ਸਨ। ਇਸ ਸਮੱਸਿਆ ਦਾ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਹਾਲਾਂਕਿ ਇਸ ਚੌਕ ਦੀ ਦੇਖਭਾਲ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ। ਰਿਫਲੈਕਟਰ ਅਤੇ ਟਰੈਫਿਕ ਲਾਈਟਾਂ ਲਾਉਣ ਦੇ ਬਾਵਜੂਦ ਹਾਦਸਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਜਾਣਕਾਰਾਂ ਅਨੁਸਾਰ ਇਹ ਚੌਕ ਲੋੜ ਤੋਂ ਵੱਧ ਵੱਡਾ ਬਣਿਆ ਹੋਣ ਕਾਰਨ ਖਾਸ ਕਰ ਬਠਿੰਡੇ ਵਾਲੇ ਪਾਸਿਓਂ ਆਉਣ ਵਾਲੇ ਵਾਹਨ ਅਕਸਰ ਹੀ ਇਸ ਨਾਲ ਟਕਰਾ ਜਾਂਦੇ ਹਨ। ਓਧਰ ਚੌਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਮਾਸਟਰ ਦਰਸ਼ਨ ਲਾਲ ਕਾਂਸਲ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਇਸਦਾ ਕੋਈ ਪੱਕਾ ਹੱਲ ਕੱਢਣਗੇ।