ਸੁੰਦਰ ਨਾਥ ਆਰੀਆ
ਅਬੋਹਰ, 18 ਮਾਰਚ
ਭਾਰਤ ਸਰਕਾਰ ਵੱਲੋਂ ਅਬੋਹਰ ਨੂੰ ਓਡੀਐੱਫ ਪਲੱਸ ਪਲੱਸ ਦਾ ਦਰਜਾ ਦਿੱਤਾ ਗਿਆ ਹੈ। ਕਮਿਸ਼ਨਰ ਅਭੀਜੀਤ ਕਪਲਿਸ ਨੇ ਇਸ ਦਾ ਸਿਹਰਾ ਨਿਗਮ ਦੇ ਪੂਰੇ ਸਟਾਫ ਅਤੇ ਸ਼ਹਿਰ ਵਾਸੀਆਂ ਸਿਰ ਬੰਨ੍ਹਿਆ ਅਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਗੰਦੇ ਸ਼ਹਿਰਾਂ ਦੀ ਸੂਚੀ ਵਿੱਚ ਹੋਣ ਦੇ ਲੱਗੇ ਦਾਗ ਨੂੰ ਧੋਣ ਲਈ ਨਿਗਮ ਵੱਲੋਂ ਉਪਰਾਲੇ ਆਰੰਭੇ ਗਏ ਸਨ, ਜਿਸ ਦਾ ਸ਼ਹਿਰ ਵਾਸੀਆਂ ਨੇ ਵੀ ਨਿਗਮ ਦਾ ਪੂਰਾ ਸਾਥ ਦਿੱਤਾ। ਸ਼ਹਿਰ ਵਿਚ ਸੱਤ ਸਿਤਾਰਾ ਕੈਟੇਗਰੀ ਦੇ 8 ਨਵੇਂ ਜਨਤਕ ਪਖਾਨਿਆਂ ਦਾ ਨਿਰਮਾਣ ਚੱਲ ਰਿਹਾ ਹੈ, ਜਿਨ੍ਹਾਂ ’ਚੋਂ ਦੋ ਬਣ ਗਏ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਬਣੇ ਸੱਤ ਜਨਤਕ ਪਖਾਨੇ ਅਪਗ੍ਰੇਡ ਕੀਤੇ ਗਏ ਹਨ। ਇਨ੍ਹਾਂ ਵਿਚ ਔਰਤਾਂ ਲਈ ਸੈਨੇਟਰੀ ਵੈਂਡਿੰਗ ਮਸ਼ੀਨ ਵੀ ਲਗਾਈ ਗਈ ਹੈ। ਇਸੇ ਤਰ੍ਹਾਂ ਨਿਗਮ ਵੱਲੋਂ ਹੋਰ ਕਾਰਜ ਕੀਤੇ ਗਏ, ਜਿਸ ਮਗਰੋਂ ਭਾਰਤ ਸਰਕਾਰ ਦੀ ਟੀਮ ਨੇ ਸ਼ਹਿਰ ਦਾ ਦੌਰਾ ਕਰਕੇ ਸਰਵੇਖਣ ਕੀਤਾ ਅਤੇ ਇਸ ਤੋਂ ਬਾਅਦ ਹੀ ਸ਼ਹਿਰ ਨੂੰ ਓਡੀਐੱਫ ਪਲੱਸ ਪਲੱਸ ਦਾ ਵੱਕਾਰੀ ਦਰਜਾ ਦਿੱਤਾ ਗਿਆ ਹੈ।