ਪੱਤਰ ਪ੍ਰੇਰਕ
ਮਾਨਸਾ, 23 ਸਤੰਬਰ
ਪੰਜਾਬ ਵਿੱਚ ਸਾਇਲੋ ਗੁਦਾਮਾਂ ’ਚ ਫ਼ਸਲਾਂ ਦੀ ਕੀਤੀ ਜਾ ਰਹੀ ਸਿੱਧੀ ਖਰੀਦ ਦਾ ਮਾਮਲਾ ਭਖਣ ਲੱਗਿਆ ਹੈੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਅੰਡਾਨੀਆਂ ਦੇ ਸਾਇਲੋ ਗੁਦਾਮਾਂ ਵਿੱਚ ਫ਼ਸਲ ਦੀ ਖਰੀਦ ਬਿਨਾਂ ਕਿਸੇ ਆੜ੍ਹਤ ਅਤੇ ਮਜ਼ਦੂਰੀ ਤੋਂ ਵਗੈਰ ਕੀਤੀ ਜਾਂਦੀ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਵੇ। ਖਰੀਦ ਆੜ੍ਹਤੀਆਂ ਰਾਹੀਂ ਕਰਕੇ ਉਸ ਦਾ ਬਣਦਾ ਕਮਿਸ਼ਨ ਦਿੱਤਾ ਜਾਵੇ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਮਾਮਲੇ ’ਚ 25 ਸਤੰਬਰ ਨੂੰ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪੱਧਰੀ ਹੜਤਾਲ ਕਰਕੇ ਮੋਗਾ ’ਚ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਆੜ੍ਹਤੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਵਿਭਾਗਾਂ ਵੱਲੋਂ ਆੜ੍ਹਤੀਆਂ ਨਾਲ ਹਰ ਵੇਲੇ ਧੱਕਾ ਕੀਤਾ ਜਾਂਦਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਪੰਜਾਬ ਮੰਡੀਬੋਰਡ ਦੇ ਐਕਟ ਮੁਤਾਬਕ ਬਣਦੀ ਪੂਰੀ ਆੜ੍ਹਤ ਦੇਣ ਦੀ ਬਜਾਏ, ਉਨ੍ਹਾਂ ਦੀ ਆੜ੍ਹਤ ਫਰੀਜ਼ ਕਰਕੇ ਜੀਰੀ ਉਪਰ 45.88 ਪੈਸੇ ਅਤੇ ਕਣਕ ਉਪਰ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ, ਜੋ ਮੰਡੀ ਬੋਰਡ ਦੀ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆੜ੍ਹਤੀਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਪਿਛਲੇ ਕਈ ਸਾਲਾਂ ਤੋਂ ਆੜ੍ਹਤੀਆਂ ਤੋਂ ਈਪੀਐਫ. ਦੇ ਰੂਪ ਵਿੱਚ ਭਾਰੀ ਰਕਮ ਕੱਟਦਾ ਹੈ, ਜੋ ਨਾਜਾਇਜ਼ ਹੈ। ਉਨ੍ਹਾਂ ਕਿਹਾ ਕਿ ਈਪੀਐਫ ਆੜ੍ਹਤੀਆਂ ਉਪਰ ਲਾਗੂ ਨਹੀਂ ਹੁੰਦਾ, ਕਿਉਂਕਿ ਆੜ੍ਹਤੀਆਂ ਕੋਲ ਕਦੇ ਵੀ ਕੋਈ ਵੀ ਮਜ਼ਦੂਰ ਪੱਕੇ ਤੌਰ ’ਤੇ ਕੰਮ ਨਹੀਂ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆਂ ਤੋਂ ਈਪੀਐੱਫ ਦੇ ਰੂਪ ਵਿੱਚ ਕੱਟੀ ਰਕਮ ਤੁਰੰਤ ਵਾਪਸ ਕੀਤੀ ਜਾਵੇ। ਇਸ ਮੌਕੇ ਅਮਰ ਨਾਥ ਜਿੰਦਲ, ਰਮੇਸ਼ ਨੋਟੀ, ਰੋਹਿਤ ਮਾਖਾ, ਮੋਨੂੰ ਅਨੁਪਗੜ੍ਹ, ਮਨੀ ਬਾਂਸਲ, ਸੁਰੇਸ਼ ਕੁਮਾਰ, ਪੂਰਨ ਚੰਦ ਵੀਰੋਕੇ, ਪ੍ਰੇਮ ਚੰਦ ਲੱਲੂਆਣਾ, ਤਾਰਾ ਚੰਦ ਭੰਮਾ, ਰਾਜ ਕੁਮਾਰ ਪ੍ਰੇਮ ਨੰਦਗੜ੍ਹ, ਨੇਮ ਚੰਦ ਐਮ.ਸੀ., ਨਰੇਸ਼ ਕੁਮਾਰ ਬਿਰਲਾ, ਬੋਬੀ ਕੋਟਲੀ, ਜਿੰਮੀ ਮਾਖਾ, ਵਿੱਕੀ ਨੰਗਲ, ਰੋਹਿਤ ਤਾਮਕੋਟ, ਵਿਨੋਦ ਮੰਗੀ ਨੰਗਲਾ ਯਸ਼ਪਾਲ ਫਰਵਾਹੀ ਨੇ ਵੀ ਸੰਬੋਧਨ ਕੀਤਾ।