ਮੀਂਹ ਕਾਰਨ ਟੁੱਟੀ ਸਿੱਖਾਂਵਾਲਾ ਰੋਡ ਅਤੇ ਪ੍ਰੇਮ ਨਗਰ ਸੜਕ ਨੂੰ 4.35 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸੜਕ ਦੇ ਨਿਰਮਾਣ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਰਵਾਈ। ਉਨ੍ਹਾਂ ਇਲਾਕਾ ਨਿਵਾਸੀਆਂ ਦਾ ਮੂੰਹ-ਮਿੱਠਾ ਕਰਵਾਇਆ ਅਤੇ ਪਹਿਲੀ ਇੱਟ ਲਾਈ। ਉਨ੍ਹਾਂ ਕਿਹਾ ਕਿ ਸਰਕਾਰ ਐਲਾਨਾਂ ਦੀ ਬਜਾਏ ਕੰਮ ਸ਼ੁਰੂ ਕਰਵਾਉਣ ਵਿੱਚ ਵਿਸ਼ਵਾਸ ਰੱਖਦੀ ਹੈ।
ਸਪੀਕਰ ਸੰਧਵਾਂ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਆਈਆਂ ਭਾਰੀ ਬਾਰਿਸ਼ਾਂ ਕਾਰਨ ਕੋਟਕਪੂਰਾ ਦੀਆਂ ਕਈ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਸਨ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਪ੍ਰੇਸ਼ਾਨੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਸਾਰੀਆਂ ਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਕੁਝ ਸੜਕਾਂ ਨਵੀਆਂ ਬਣਾਉਣ ਦਾ ਕੰਮ ਜਲਦੀ ਸ਼ੁੁਰੂ ਕੀਤਾ ਜਾਵੇਗਾ।
ਸਪੀਕਰ ਸੰਧਵਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ ਬਣਨ ਤੋਂ ਪਹਿਲਾਂ-ਪਹਿਲਾਂ ਆਪਣੇ ਘਰਾਂ ਦੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਲੈ ਲੈਣ, ਤਾਂ ਜੋ ਨਵੀਂ ਬਣੀ ਸੜਕ ਨੂੰ ਬਾਅਦ ਵਿੱਚ ਪੁੱਟਣ ਦੀ ਲੋੜ ਨਾ ਪਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਬਣਨ ਤੋਂ ਬਾਅਦ ਕਿਸੇ ਨੇ ਕੁਨੈਕਸ਼ਨ ਲੈਣ ਲਈ ਸੜਕ ਪੁੱਟੀ, ਤਾਂ ਉਸ ਦੀ ਮੁਰੰਮਤ ਦਾ ਖ਼ਰਚਾ ਸਬੰਧਤ ਵਿਅਕਤੀ ਕੋਲੋਂ ਵਸੂਲਿਆ ਜਾਵੇਗਾ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਸਬੰਧਤ ਮਹਿਕਮਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਆਮ ਲੋਕਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਸਿਮਰਨਜੀਤ ਸਿੰਘ, ਸਵਤੰਤਰ ਜੋਸ਼ੀ ਜਸਪ੍ਰੀਤ ਕੌਰ ਅਤੇ ਪ੍ਰਿੰਸ ਬਹਿਲ ਵੀ ਮੌਜੂਦ ਸਨ।

