ਨਕਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ

‘ਆਪ’ ਨੇ ਕੈਪਟਨ ਦਾ ਅਸਤੀਫ਼ਾ ਮੰਗਿਆ

ਸ਼ਰਾਬ ਕਾਂਡ ਲਈ ਕਾਂਗਰਸ ਸਰਕਾਬ ਨੂੰ ਜ਼ਿੰਮੇਵਾਰ ਠਹਿਰਾਇਆ; ਮਾਮਲੇ ਦੀ ਜਾਂਚ ਮੰਗੀ

‘ਆਪ’ ਨੇ ਕੈਪਟਨ ਦਾ ਅਸਤੀਫ਼ਾ ਮੰਗਿਆ

ਬਰਨਾਲਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਵਿਧਾਇਕ ਮੀਤ ਹੇਅਰ ਤੇ ਕਾਰਕੁਨ।

ਸ਼ਗਨ ਕਟਾਰੀਆ
ਬਠਿੰਡਾ, 2 ਅਗਸਤ

ਆਮ ਆਦਮੀ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ’ਚ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ’ਤੇ ਸੁੱਟਦਿਆਂ, ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਸਲਾਹ ਦਿੱਤੀ ਹੈ। ਪਾਰਟੀ ਵੱਲੋਂ ਇੱਥੇ ਫ਼ਾਇਰ ਬ੍ਰਿਗੇਡ ਚੌਕ ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਬੀਬੀ ਰੂਬੀ ਨੇ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਗ੍ਰਹਿ ਵਿਭਾਗ ਮੁੱਖ ਮੰੰਤਰੀ ਕੋਲ ਹੈ ਅਤੇ ਉਹ ਆਪਣੇ ਫ਼ਰਜ਼ਾਂ ’ਚ ਫੇਲ੍ਹ ਸਿੱਧ ਹੋ ਰਹੇ ਹਨ। ਉਨ੍ਹਾਂ ਕਰੋਨਾ ਰਿਲੀਫ਼ ਫੰਡ ਲਈ ਸਰਕਾਰ ਵੱਲੋਂ 67 ਕਰੋੜ ਰੁਪਏ ਲੋਕਾਂ ਤੋਂ ਇਕੱਠੇ ਕਰਕੇ ਉਨ੍ਹਾਂ ਵਿੱਚੋਂ ਨਾਮਾਤਰ ਪੈਸਾ ਅਸਲ ਮੰਤਵ ਲਈ ਖ਼ਰਚੇ ਜਾਣ ਅਤੇ ਬਾਕੀ ਰਾਸ਼ੀ ਨਿੱਜੀ ਮੰਤਵਾਂ ਲਈ ਵਰਤੇ ਜਾਣ ਦੇ ਦੋਸ਼ ਵੀ ਲਾਏ। ਪ੍ਰਦਰਸ਼ਨ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਹੋਰ ਮੁਕਾਮੀ ਆਗੂ ਹਾਜ਼ਰ ਸਨ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਆਮ ਆਦਮੀ ਪਾਰਟੀ ’ਆਪ’ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਨਕਲੀ ਸ਼ਰਾਬ ਨਾਲ 86 ਤੋਂ ਵੱਧ ਲੋਕਾਂ ਦੀ ਮੌਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਥੇ ਮੁੱਖ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਬੁਲਾਰੇ ਤੇ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ, ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਜਨਰਲ ਸਕੱਤਰ ਅਜੇ ਸ਼ਰਮਾ ਨੇ ਆਖਿਆ ਕਿ ਨਕਲੀ ਸ਼ਰਾਬ ਦਾ ਇੰਨੇ ਵੱਡੇ ਪੱਧਰ ’ਤੇ ਕਾਲਾ ਧੰਦਾ ਪੁਲੀਸ-ਪ੍ਰਸ਼ਾਸਨ ਅਤੇ ਸਿਆਸੀ ਪੁਸ਼ਤਪਨਾਹੀ ਤੋਂ ਬਗ਼ੈਰ ਮੁਮਕਿਨ ਨਹੀਂ ਹੈ। ਉਨ੍ਹਾਂ ਸੂਬੇ ’ਚ ਸ਼ਰਾਬ ਦੇ ਨਸ਼ੇ ’ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਆਖਿਆ ਕਿ ਸ਼ਾਇਦ ਇੰਨੀਆਂ ਮੌਤਾਂ ਚਿੱਟੇ ਵਰਗੇ ਮਾੜੇ ਨਸ਼ੇ ਕਾਰਨ ਕਈ ਸਾਲਾਂ ਵਿੱਚ ਨਹੀਂ ਹੋਈਆਂ ਹੋਣਗੀਆਂ।

ਬਰਨਾਲਾ (ਖੇਤਰੀ ਪ੍ਰਤੀਨਿਧ): ਪੰਜਾਬ ਦੇ ਮਾਝਾ ਖੇਤਰ ‘ਚ ਲੰਘੇ ਦਿਨੀਂ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਨਾਲ ਹੋਈਆਂ 7 ਦਰਜਨ ਤੋਂ ਵਧੇਰੇ ਮੌਤਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਬਰਨਾਲਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਸਥਾਨਕ ਕਚਹਿਰੀ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕ ਮੀਤ ਹੇਅਰ ਨੇ ਹੋਈਆਂ ਮੌਤਾਂ ਲਈ ਪੰਜਾਬ ਦੀ ਕੈਪਟਨ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫਤਿਆਂ ‘ਚ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਆਈ ਕੈਪਟਨ ਸਰਕਾਰ ਅਜੇ ਤੱਕ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋਈ।

ਉਨ੍ਹਾਂ ਇਨ੍ਹਾਂ ਮੌਤਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸੇ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਜ਼ਿਲ੍ਹਾ ਯੂਥ ਪ੍ਰਧਾਨ ਪਰਮਿੰਦਰ ਭੰਗੂ, ਰਾਮ ਤੀਰਥ ਸੰਗਠਨ ਇੰਚਾਰਜ, ਐੱਸਪੀ ਗੁਪਤਾ ਸ਼ਹਿਰੀ ਪ੍ਰਧਾਨ, ਲਵਪ੍ਰੀਤ ਦਿਵਾਨਾ ਪੰਜਾਬ ਜਨਰਲ ਸੈਕਟਰੀ, ਕਪਿਲ ਦਾਦੂ ਮੀਤ ਪ੍ਰਧਾਨ ਬਰਨਾਲਾ, ਹਰੀ ਓਮ ਜਰਨਲ ਸਕੱਤਰ ਬਰਨਾਲਾ, ਗੋਕੂਲ ਪ੍ਰਸ਼ਾਦ ਪ੍ਰਧਾਨ ਵਪਾਰ ਮੰਡਲ, ਰਜਤ ਬਾਂਸਲ ਜਰਨਲ ਸਕੱਤਰ ਪੰਜਾਬ, ਮਹਿੰਦਰ ਮੌਜੀ, ਪ੍ਰਗਟ ਧੂਰਕੋਟ ਆਦਿ ਆਗੂ ਵੀ ਹਾਜ਼ਰ ਸਨ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਪਿੰਡ ਜਲਾਲ ਵਿੱਚ ਸੂਬਾ ਸਰਕਾਰ ਵਿਰੁੱਧ ਪਾਰਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਸਿੱਧੂ ਅਤੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਇਕੱਤਰ ‘ਆਪ’ ਵਰਕਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਪੰਜਾਬ ਦੇ ਹਰੇਕ ਹਲਕੇ ਵਿੱਚ ਸਿਆਸੀ ਸ਼ਹਿ ‘ਤੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ ਅਤੇ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ।

‘ਆਪ’ ਵਰਕਰਾਂ ਖ਼ਿਲਾਫ਼ ਕੇਸ ਦਰਜ

ਫਾਜ਼ਿਲਕਾ (ਪਰਮਜੀਤ ਸਿੰਘ): ਅਰਨੀਵਾਲਾ ਪੁਲੀਸ ਨੇ ਕਰੋਨਾ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਨਾਅਰੇਬਾਜ਼ੀ ਕਰਨ ਵਾਲੇ 15 ਜਾਣ- ਪਛਾਣ ਅਤੇ 50-60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਵਲ ਕ੍ਰਿਸ਼ਨ ਪ੍ਰਧਾਨ ਅਰਨੀਵਾਲਾ, ਸੁਖਵਿੰਦਰ ਅਰੋੜਾ ਪ੍ਰਧਾਨ ਵਾਸੀ ਜਲਾਲਾਬਾਦ, ਸ਼ਿਵਰਾਜ ਸਿੰਘ ਵਾਸੀ ਘੁੜਿਆਣਾ, ਰਵਿੰਦਰ ਸਿੰਘ ਵਾਸੀ ਨੁਕੇਰੀਆਂ, ਸੁਰਿੰਦਰ ਕਚੂਰਾ, ਪਿੰਕੀ ਪ੍ਰਧਾਨ ਵਾਸੀ ਟਾਹਲੀ ਵਾਲਾ ਜੱਟਾਂ, ਸੁਖਵਿੰਦਰ ਸਿੰਘ ਬਰਾੜ, ਛਿੰਦਰ ਸਿੰਘ, ਜੰਗੀਰ ਸਿੰਘ, ਗੁਰਮੀਤ ਸਿੰਘ ਵਾਸੀ ਅਲਿਆਣਾ, ਬਲਕਾਰ ਸਿੰਘ, ਸਤਪਾਲ ਸਿੰਘ ਵਾਸੀ ਟਾਹਲੀ ਵਾਲਾ ਜੱਟਾਂ, ਗੁਰਜੰਟ ਸਿੰਘ ਜੈਮਲ ਵਾਲਾ, ਮਹਿੰਦਰ ਕਚੂਰਾ ਵਾਸੀ ਜਲਾਲਾਬਾਦ, ਸੰਦੀਪ ਕੁਮਾਰ ਵਾਸੀ ਅਰਨੀਵਾਲਾ ਅਤੇ 50-60 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All