ਜੋਗਿੰਦਰ ਸਿੰਘ ਮਾਨ
ਮਾਨਸਾ, 31 ਅਗਸਤ
ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਲਈ ਪਾਰਟੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਲਾਉਣੀਆਂ ਆਰੰਭ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਵੱਲੋਂ ਪੰਜਾਬ ਵਿੱਚ 9 ਜ਼ਿਲ੍ਹਾ ਇੰਚਾਰਜ ਅਤੇ ਤਿੰਨ ਲੋਕ ਸਭਾ ਹਲਕਿਆਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਹ ਨਿਯੁਕਤੀਆਂ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤੀਆਂ ਗਈਆਂ ਹਨ। ਜਿਹੜੇ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ, ਉਨ੍ਹਾਂ ਵਿਚੋਂ ਲਗਭਗ ਸਾਰੇ ਅਹੁਦੇਦਾਰ ਮੁੱਢ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸਾਫ਼-ਸੁਥਰੇ ਅਕਸ ਵਾਲੇ ਮੰਨਿਆਂ ਜਾਂਦਾ ਹੈ। ਨਵੇਂ ਅਹੁਦੇਦਾਰਾਂ ਦੀ ਇਹ ਸੂਚੀ ਡਾ. ਸੰਦੀਪ ਪਾਠਕ, ਭਗਵੰਤ ਮਾਨ ਅਤੇ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਦਸਤਖ਼ਤਾਂ ਹੇਠ ਜਾਰੀ ਹੋਈ ਹੈ। ਇਸ ਵਿੱਚ ਲੁਧਿਆਣਾ ਲੋਕ ਸਭਾ ਤੋਂ ਦੀਪਕ ਬਾਂਸਲ ਇੰਚਾਰਜ, ਜਲੰਧਰ ਤੋਂ ਅਸ਼ਵਨੀ ਅਗਰਵਾਲ ਇੰਚਾਰਜ ਅਤੇ ਫਿਰੋਜ਼ਪੁਰ ਤੋਂ ਜਗਦੇਵ ਸਿੰਘ ਪੰਮ ਨੂੰ ਲੋਕ ਸਭਾ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਬਠਿੰਡਾ (ਸ਼ਹਿਰੀ) ਤੋਂ ਸੁਰਿੰਦਰ ਸਿੰਘ ਬਿੱਟੂ, ਬਠਿੰਡਾ (ਦਿਹਾਤੀ) ਤੋਂ ਜਤਿੰਦਰ ਸਿੰਘ ਭੱਲਾ, ਪਠਾਨਕੋਟ ਤੋਂ ਠਾਕੁਰ ਅਮਿਤ ਸਿੰਘ ਮੰਟੂ, ਫਿਰੋਜ਼ਪੁਰ ਤੋਂ ਡਾ. ਮਲਕੀਤ ਸਿੰਘ ਥਿੰਦ, ਅੰਮ੍ਰਿਤਸਰ (ਸ਼ਹਿਰੀ) ਮਨੀਸ਼ ਅਗਰਵਾਲ, ਅੰਮ੍ਰਿਤਸਰ (ਦਿਹਾਤੀ) ਤੋਂ ਕੁਲਦੀਪ ਸਿੰਘ ਮੱਥਰੇਵਾਲ, ਜਲੰਧਰ (ਦਿਹਾਤੀ) ਤੋਂ ਸੀਤਵਨ ਕਲੇਰ, ਗੁਰਦਾਸਪੁਰ (ਸ਼ਹਿਰੀ) ਤੋਂ ਸਮਸ਼ੇਰ ਸਿੰਘ, ਗੁਰਦਾਸਪੁਰ (ਦਿਹਾਤੀ) ਤੋਂ ਬਲਵੀਰ ਸਿੰਘ ਪੰਨੂ ਜ਼ਿਲ੍ਹਾ ਇੰਚਾਰਜ ਲਾਏ ਗਏ ਹਨ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਪੂਰੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਭਾਵੇਂ ਪਾਰਟੀ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਦੇ ਸਮਰੱਥ ਹੈ ਪਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਧਿਰ ਨਾਲ ਵੀ ਗੱਠਜੋੜ ਕੀਤਾ ਜਾਵੇਗਾ, ਰਾਜ ਦੇ ਸਾਰੇ ਵਰਕਰ ਉਸ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਜਲੰਧਰ ਦੀ ਜ਼ਿਮਨੀ ਚੋਣ ਵਾਂਗ ਗੱਜ-ਵੱਜ ਕੇ ਮੈਦਾਨ ’ਚ ਉਤਰਨਗੇ।
ਨਗਰ ਕੌਂਸਲ ਦਾ ਕਾਂਗਰਸੀ ਪ੍ਰਧਾਨ ਜੌਨੀ ਤੇ ਕੌਂਸਲਰ ਅੰਜਲੀ ‘ਆਪ’ ’ਚ ਸ਼ਾਮਲ
ਭੁੱਚੋ ਮੰਡੀ (ਪਵਨ ਗੋਇਲ): ਸਥਾਨਕ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਜੌਨੀ ਬਾਂਸਲ ਅਤੇ ਕਾਂਗਰਸੀ ਕੌਂਸਲਰ ਅੰਜਲੀ ਗਰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਦੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਮਾਹਲ ਨੇ ਜੌਨੀ ਬਾਂਸਲ ਅਤੇ ਅੰਜਲੀ ਗਰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਨਾਲ ਨਗਰ ਕੌਂਸਲ ਦੇ ਕੁੱਲ 13 ਕੌਂਸਲਰਾਂ ’ਚੋਂ ਹੁਣ ‘ਆਪ’ ਦੇ ਕੌਂਸਲਰਾਂ ਦੀ ਗਿਣਤੀ 9 ਹੋ ਗਈ ਹੈ, ਜਦੋਂਕਿ ਚੋਣਾਂ ਵਿੱਚ ‘ਆਪ’ ਨੂੰ ਕੋਈ ਵੀ ਸੀਟ ਨਹੀਂ ਮਿਲੀ ਸੀ। ਨਗਰ ਕੌਂਸਲ ਚੋਣਾਂ ਮੌਕੇ ਕਾਂਗਰਸ ਦੇ 10, ਅਕਾਲੀ ਦਲ ਦੇ 2 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਜੌਨੀ ਬਾਂਸਲ ਜੇਕਰ ‘ਆਪ’ ਵਿੱਚ ਸ਼ਾਮਲ ਨਾ ਵੀ ਹੁੰਦੇ ਤਾਂ ਵੀ ਉਨ੍ਹਾਂ ਦੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਜੌਨੀ ਬਾਂਸਲ ਦੇ ਆਪਣੇ ਪਰਿਵਾਰਾਂ ਨਾਲ ਸਬੰਧਤ ਪੰਜ ਕੌਂਸਲਰ ਪੱਕੇ ਹਨ। ਇਸ ਮੌਕੇ ਵਿਧਾਇਕ ਜਗਸੀਰ ਸਿੰਘ ਦੇ ਨਿੱਜੀ ਸਹਾਇਕ ਰਸਟੀ ਮਿੱਤਲ ਨੇ ਕਿਹਾ ਕਿ ਜੌਨੀ ਬਾਂਸਲ ਅਤੇ ਅੰਜਲੀ ਗਰਗ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਅਤੇ ਸ਼ਹਿਰ ਵਾਸੀਆਂ ਨੂੰ ਵੱਡਾ ਫਾਇਦਾ ਮਿਲੇਗਾ। ਪ੍ਰਧਾਨ ਜੌਨੀ ਬਾਂਸਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੇ ਰੁਕੇ ਕੰਮ ਸਿਰੇ ਚੜਾਉਣ ਲਈ ਹੀ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਹਰਸਿਮਰਨ ਸਿੰਘ, ਗੁਰਜੰਟ ਸਿਵੀਆਂ, ਲਖਵੀਰ ਕਾਕਾ, ਪ੍ਰਿੰਸ ਗੋਲਨ, ਕੌਂਸਲਰ ਦਲਜੀਤ ਸਿੰਘ ਅਤੇ ਲੱਕੀ ਕੁਮਾਰ ਹਾਜ਼ਰ ਸਨ।