ਪੱਤਰ ਪ੍ਰੇਰਕ
ਭੀਖੀ, 24 ਸਤੰਬਰ
ਇਥੋਂ ਚਾਰ ਕਿਲੋਮੀਟਰ ਦੂਰ ਸੁਨਾਮ ਰੋਡ ’ਤੇ ਬੀਤੀ ਸ਼ਾਮ ਮੋਟਰਸਾਈਕਲ ਤੇ ਕਾਰ ਵਿਚਾਲੇ ਟੱਕਰ ਕਾਰਨ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ 22 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਮੀਰਗੜ੍ਹ ਢੈਪਈ ਦਾ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਆਪਣੇ ਮਿੱਤਰ ਗੁਰਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਨਾਲ ਮੋਟਰਸਾਈਕਲ ’ਤੇ ਭੀਖੀ ਤੋਂ ਆਪਣੇ ਪਿੰਡ ਹਮੀਰਗੜ੍ਹ ਢੈਪਈ ਨੂੰ ਪਰਤ ਰਿਹਾ ਸੀ। ਜਦੋਂ ਉਹ ਜੱਸੜ ਢਾਬੇ ਨਜ਼ਦੀਕ ਪਹੁੰਚੇ ਤਾਂ ਇੱਕ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਵਿੱਚ ਦੋਨੋਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਭੀਖੀ ਲਿਆਂਦਾ ਗਿਆ ਜਿੱਥੇ ਗੁਰਪ੍ਰੀਤ ਸਿੰਘ ਵਾਸੀ ਹਮੀਰਗੜ੍ਹ ਢੈਪਈ ਦੀ ਮੌਤ ਹੋ ਗਈ ਅਤੇ ਦੂਸਰੇ ਨੌਜਵਾਨ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦਾ ਦਸੰਬਰ ਮਹੀਨੇ ਵਿੱਚ ਵਿਆਹ ਹੋਣਾ ਸੀ। ਉਹ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਇਸ ਦਰਦਨਾਕ ਮੌਤ ਨਾਲ ਪਿੰਡ ਵਿੱਚ ਗ਼ਮ ਦਾ ਮਾਹੌਲ ਹੈ।
ਥਾਣਾ ਭੀਖੀ ਦੇ ਸਹਾਇਕ ਸਬ-ਇੰਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਅਨੁਸਾਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ ਕਰ ਦਿੱਤੀ ਗਈ ਹੈ।