ਮਹਿੰਦਰ ਿਸੰਘ ਰੱਤੀਆਂ
ਮੋਗਾ, 23 ਸਤੰਬਰ
ਸਰਕਾਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਕੋਈ ਠੋਸ ਹੱਲ ਨਹੀਂ ਕੱਢ ਸਕੀ। ਇਸ ਮੁੱਦੇ ਦਾ ਹੱਲ ਨਾ ਤਾਂ ਕਿਸਾਨ ਕੋਲ ਹੈ ਨਾ ਹੀ ਸਰਕਾਰ ਕੋਲ ਹੈ। ਹੁਣ ਕਿਸਾਨ ਖੁਦ ਜਾਗਰੂਕ ਹੋਣ ਲੱਗੇ। ਭਾਰਤੀ ਕਿਸਾਨ ਯੂਨੀਅਨ (ਕਾਦੀਆਂਂ) ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਅਹਿਦ ਲਿਆ ਹੈ। ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਕਿਸਾਨਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਇਸ ਵਾਰ ਪਰਾਲੀ ਨਹੀਂ ਸਾੜਨਗੇ ਸਗੋਂ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਜਗਰੂਕ ਕਰਨ ਲਈ ਸੂਬਾ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਰੀਪਰ ’ਤੇ ਪੂਰਨ ਪਾਬੰਦੀ ਦੀ ਮੰਗ ਕਰਦੇ ਕੇਵਲ ਲਿੱਦ (ਲੂਜ ਸਟਰਾਅ) ਨੂੰ ਅੱਗ ਲਗਾਉਣ ਵਾਲੇ ਕਿਸਾਨ ’ਤੇ ਕੋਈ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਹੈ।
ਮੁੱਖ ਖੇਤੀਬਾਡੀ ਅਫ਼ਸਰ ਡਾ. ਮਨਜੀਤ ਸਿੰਘ ਅਤੇ ਖੇਤੀ ਵਿਗਿਆਨੀ ਰਾਜਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨਾ ਸਿਹਤ ਲਈ ਬੇਹਦ ਖਰਤਨਾਕ ਹੈ। ਇਸ ਤੋਂ ਪੈਦਾ ਹੋਏ ਧੁੰਆਂ ਵਾਤਾਵਰਨ ਵਿੱਚ ਜ਼ਹਿਰ ਘੋਲ ਦਿੰਦਾ ਹੈ। ਪਰਾਲੀ ਨੂੰ ਅੱਗ ਲਾਉਣ ਨਾਲ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ, ਸੁਪਰ ਸੀਡਰ ਸਮਾਰਟ ਸੀਡਰ, ਮਲਚਰ ਜਾਂ ਸਰਫੇਸ ਸੀਡਰ ਵਰਤਕੇ ਪਰਾਲੀ ਦਾ ਸੁਚੱਜਾ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ
ਕਿਸਾਨ ਰਾਜਾ ਸਿੰਘ, ਕੁਲਵੰਤ ਸਿੰਘ, ਭਿੰਦਰ ਸਿੰਘ, ਮੇਵਾ ਸਿੰਘ ਮਾਣੂਕੇ, ਜਸਵਿੰਦਰ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਭੋਲਾ ਸਿੰਘ, ਮੁਕੰਦ ਕਮਲ, ਚਰਨਪ੍ਰੀਤ ਸਿੰਘ, ਪਰਗਟ ਸਿੰਘ, ਮੰਦਰਜੀਤ ਸਿੰਘ, ਜਸਵੀਰ ਸਿੰਘ ਮੰਦਰ, ਸਾਹਿਬ ਸਿੰਘ, ਗੁਰਿੰਦਰ ਸਿੰਘ ਰੌਲੀ, ਜਸਵਿੰਦਰ ਸਿੰਘ ਚੁਗਾਵਾਂ ਅਤੇ ਹੋਰ ਵੀ ਹਾਜ਼ਰ ਸਨ।
ਪਰਾਲੀ ਪ੍ਰਬੰਧਨ ਬਾਰੇ ਕੈਂਪ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਪਿੰਡਾਂ ’ਚ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ, ਬੁਰਜ ਹਰੀ, ਕੋਟਲੀ ਕਲਾਂ ਅਤੇ ਦਲੇਲ ਸਿੰਘ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਮਾਨਸਾ ਦੇ ਮੁੱਖ ਖੇਤੀਬਾੜੀ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਕੈਂਪਾਂ ਦੌਰਾਨ ਖੇਤੀਬਾੜੀ ਅਧਿਕਾਰੀਆਂ ਮਨੋਜ ਕੁਮਾਰ, ਹਰਮਨਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਮਨਦੀਪ ਸਿੰਘ ਵੱਲੋਂ ਕਿਸਾਨਾਂ ਨੂੰ ਕੈਂਪਾਂ ਰਾਹੀਂ ਤਕਨੀਕੀ ਸ਼ੈਸਨ ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।