ਪੱਤਰ ਪ੍ਰੇਰਕ
ਅਬੋਹਰ, 28 ਅਗਸਤ
ਪਿੰਡ ਰਾਜਾਂਵਾਲੀ ਵਾਸੀ ਇੱਕ ਵਿਅਕਤੀ ਨੇ ਸਥਾਨਕ ਸੀਤੋ ਰੋਡ ਰੇਲਵੇ ਫਾਟਕ ਨੇੜੇ ਅੱਜ ਸਵੇਰੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜੀਆਰਪੀ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (44) ਵਾਸੀ ਪਿੰਡ ਰਾਜਾਂ ਵਾਲੀ ਵਜੋਂ ਹੋਈ ਹੈ ਜੋ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਖ਼ੁਦਕੁਸ਼ੀ ਦੀ ਸੂਚਨਾ ਰਾਹਗੀਰਾਂ ਨੇ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਏਐੱਸਆਈ ਭਜਨ ਸਿੰਘ ਨੇ ਦੱਸਿਆ ਕਿ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਬਿੱਟੂ ਨਰੂਲਾ ਅਨੀਸ਼ ਅਤੇ ਚਿਮਨ ਲਾਲ ਵੱਲੋਂ ਲਾਸ਼ ਨੂੰ ਰੇਲਵੇ ਟਰੈਕ ਤੋਂ ਚੁੱਕਿਆ ਗਿਆ। ਮ੍ਰਿਤਕ ਦੇ ਭਰਾ ਰਜਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਹਰਜਿੰਦਰ ਸਿੰਘ ਪਹਿਲਾਂ ਖੇਤੀ ਕਰਦਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਆਪਣੇ ਪਰਿਵਾਰ ਤੋਂ ਦੂਰ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਹੰਡਿਆਇਆ: ਪਿੰਡ ਕੋਠੇ ਚੂੰਘਾਂ ਦੇ ਇੱਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹੰਡਿਆਇਆ ਦੇ ਨੇੜਲੇ ਪਿੰਡ ਕੋਠੇ ਚੂੰਘਾਂ ਦਾ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਆਪਣੇ ਘਰ ਸ਼ਾਮ ਸਮੇਂ ਪਸ਼ੂਆਂ ਦੀ ਧਾਰ ਕੱਢ ਕੇ ਜਦੋਂ ਪੱਖੇ ਨੂੰ ਪਾਸੇ ਕਰਨ ਲੱਗਿਆ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।