Ajmer Singh Aulakh's Birth Anniversary: ਤੂੰ ਚਰਖਾ ਘੂਕਦਾ ਰੱਖ ਜਿੰਦੇ’ ਨਾਟਕ ਦਾ ਸ਼ਾਨਦਾਰ ਮੰਚਨ
ਭਾਸ਼ਾ ਵਿਭਾਗ ਵੱਲੋਂ ਨਾਟਕਕਾਰ ਅਜਮੇਰ ਔਲਖ ਦੇ ਜਨਮ ਦਿਨ ਮੌਕੇ ਸਮਾਗਮ
ਮਰਹੂਮ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਨ ਮੌਕੇ ਭਾਸ਼ਾ ਵਿਭਾਗ ਵੱਲੋਂ ਮਾਨਸਾ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਕਲਾ ਮੰਚ ਵੱਲੋਂ ਪ੍ਰੋ. ਔਲਖ ਦਾ ਲਿਖਿਆ ਪ੍ਰਸਿੱਧ ਨਾਟਕ ‘ਤੂੰ ਚਰਖਾ ਘੂਕਦਾ ਰੱਖ ਜਿੰਦੇ’ ਖੇਡਿਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਔਲਖ ਦੀ ਜੀਵਨ ਸਾਥਣ ਅਤੇ ਉੱਘੀ ਅਦਾਕਾਰਾ ਮਨਜੀਤ ਕੌਰ ਔਲਖ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਮਾਨਸਾ ਦੀ ਧਰਤੀ ਨੂੰ ਨਾਟਕਕਾਰਾਂ ਅਤੇ ਲੇਖਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਪ੍ਰੋ. ਔਲਖ ਨੇ ਘਰ-ਘਰ ਕਲਾਕਾਰ ਪੈਦਾ ਕੀਤੇ ਹਨ। ਵਿਭਾਗ ਦੇ ਖੋਜ ਅਫ਼ਸਰ ਗੁਰਪ੍ਰੀਤ ਨੇ ਦੱਸਿਆ ਕਿ ਪ੍ਰੋ. ਔਲਖ ਨੇ ਆਪਣੇ ਨਾਟਕਾਂ ਵਿੱਚ ਗ਼ਰੀਬ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਔਰਤਾਂ ਦੇ ਸੰਤਾਪ ਨੂੰ ਬਹੁਤ ਨੇੜਿਓਂ ਚਿਤਰਿਆ ਹੈ। ਉਨ੍ਹਾਂ ਦੇ ਨਾਟਕਾਂ ਦੀ ਖ਼ਾਸ ਗੱਲ ਇਹ ਰਹੀ ਹੈ ਕਿ ਉਹ ਮਹਿੰਗੀ ਮੰਚ ਸੱਜਾ ਤੋਂ ਬਿਨਾਂ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਲੋਕਾਂ ਦੇ ਰੂ-ਬ-ਰੂ ਹੁੰਦੇ ਸਨ। ਡਾ. ਅਜਮੀਤ ਕੌਰ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਇਸ ਨਾਟਕ ਵਿੱਚ ਜਗਤਾਰ ਔਲਖ, ਹਰਪਾਲ ਸਿੰਘ, ਬਿੱਟੂ ਮਾਨਸਾ, ਕੁਲਦੀਪ ਮੰਦਰਾਂ, ਹਰਪ੍ਰੀਤ ਪੁਰਬਾ ਤੇ ਅਜਮੀਤ ਕੌਰ ਨੇ ਅਦਾਕਾਰੀ ਬਾਖੂਬੀ ਨਿਭਾਈ। ਨਾਟਕ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਜਨ, ਵਿਨੋਦ ਜਿੰਦਲ, ਡਾ. ਬਲਜੀਤ ਕੌਰ, ਕਹਾਣੀਕਾਰ ਦਰਸ਼ਨ ਜੋਗਾ, ਬਲਰਾਜ ਨੰਗਲ, ਹਰਿੰਦਰ ਮਾਨਸ਼ਾਹੀਆ, ਅਮੋਲਕ ਡੇਲੂਆਣਾ, ਗੋਰਾ ਲਾਲ ਬਾਂਸਲ, ਆਤਮਾ ਸਿੰਘ ਪਮਾਰ, ਅਸ਼ੋਕ ਬਾਂਸਲ, ਸੁਪਨਦੀਪ ਕੌਰ, ਮਨਜੀਤ ਚਾਹਲ, ਕਰਮਜੀਤ ਕੌਰ, ਗੁਰਮੇਲ ਕੌਰ ਜੋਸ਼ੀ, ਹਰਬੰਸ ਕੌਰ, ਮਧੂ ਸਦਿਓੜਾ ਵੀ ਮੌਜੂਦ ਸਨ।

