ਨਹਿਰ ’ਚ ਪਾੜ ਪਿਆ; ਫਸਲਾਂ ਅਤੇ ਸਬਜ਼ੀਆਂ ਦੀ ਬਰਬਾਦੀ

ਸਾਹੋਕੇ ਹੈੱਡ ਬੰਦ ਕਰਨ ਦੇ ਬਾਵਜੂਦ ਨਹਿਰ ਵਿੱਚ 12 ਘੰਟੇ ਪਾਣੀ ਚੱਲਦੇ ਰਹਿਣ ਦਾ ਖਦਸ਼ਾ

ਨਹਿਰ ’ਚ ਪਾੜ ਪਿਆ; ਫਸਲਾਂ ਅਤੇ ਸਬਜ਼ੀਆਂ ਦੀ ਬਰਬਾਦੀ

ਮਾਨਸਾ ਨੇੜੇ ਮੂਸਾ ਬਰਾਂਚ ਦੇ ਟੁੱਟਣ ਕਾਰਨ ਖੇਤਾਂ ਵੱਲ ਵਹਿ ਰਿਹਾ ਪਾਣੀ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਕਤੂਬਰ

ਮਾਨਸਾ ਕੋਲੋਂ ਲੰਘਦੀ ਨਹਿਰ ਮੂਸਾ ਬਰਾਂਚ ਵਿੱਚ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ ਪੱਕੀ ਪਈ ਝੋਨੇ ਦੀ ਫਸਲ ’ਚ ਪਾਣੀ ਭਰ ਗਿਆ ਹੈ। ਇਹ ਨਹਿਰ ਅੱਜ ਸਵੇਰ ਸਮੇਂ ਟੁੱਟੀ ਹੈ। ਪੀੜਤ ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰ ਦੀ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ। ਨਹਿਰ ਦੇ ਪਾੜ ਨੂੰ ਪੂਰਨ ਲਈ ਬੇਸ਼ੱਕ ਆਪਣੇ ਪੱਧਰ ’ਤੇ ਕਿਸਾਨਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਪਰ ਪਿੱਛੋਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੇਰ ਸ਼ਾਮ ਤੱਕ ਪਾੜ ਨੂੰ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਵੱਡੇ ਰਕਬੇ ’ਚ ਪਾਣੀ ਭਰ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਸੂਚਨਾ ਮਿਲਣ ਸਾਰ ਮਾਨਸਾ ਦੇ ਨਹਿਰੀ ਵਿਭਾਗ ਦੇ ਐਕਸੀਅਨ ਜਗਮੀਤ ਸਿੰਘ ਭਾਕਰ ਨੇ ਤੁਰੰਤ ਮਹਿਕਮੇ ਦੀ ਇੱਕ ਟੀਮ ਨੂੰ ਮੌਕੇ ’ਤੇ ਭੇਜਿਆ, ਜਿਨ੍ਹਾਂ ਨੇ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇਸ ਬਰਾਂਚ ਦੇ ਪਾਣੀ ਨੂੰ ਸਾਹੋਕੇ ਹੈੱਡਾਂ ਤੋਂ ਬੰਦ ਕਰਵਾਇਆ ਗਿਆ। ਦੱਸਿਆ `ਜਾ ਰਿਹਾ ਹੈ ਕਿ ਭਾਵੇਂ ਪਾਣੀ ਪਿੱਛੋਂ ਬੰਦ ਹੋ ਗਿਆ ਹੈ, ਪਰ ਹੈੱਡ ਦੂਰ ਹੋਣ ਕਾਰਨ ਫਿਰ ਵੀ 12 ਘੰਟੇ ਇਸ ਨਹਿਰ ਵਿੱਚ ਪਾਣੀ ਲਗਾਤਾਰ ਚੱਲਦਾ ਰਹਿਣ ਦਾ ਖਦਸ਼ਾ ਹੈ। ਸ੍ਰੀ ਭਾਕਰ ਨੇ ਦੱਸਿਆ ਕਿ ਇਹ ਨਹਿਰ ਖ਼ਰਾਬ ਮੌਸਮ ਕਾਰਨ ਅਤੇ ਨਹਿਰਾਂ ਦੇ ਮੋਘੇ ਬੰਦ ਹੋਣ ਕਾਰਨ ਟੁੱਟੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨਹਿਰ 42 ਸਾਲ ਪਹਿਲਾਂ ਦੀ ਬਣੀ ਹੋਣ ਕਾਰਨ ਇਸ ਦੀਆਂ ਸਾਈਡਾਂ ਕਮਜ਼ੋਰ ਹੋ ਗਈਆਂ ਹਨ, ਪਰ ਲੋਕ ਹਿੱਤਾਂ ਲਈ ਇਸ ਨਹਿਰ ਦੀ ਨਵ-ਉਸਾਰੀ ਵਾਸਤੇ ਇਸਦੇ ਟੈਂਡਰ ਕਾਲ ਕਰ ਰਹੇ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ, ਬਲਵਿੰਦਰ ਸਿੰਘ ਬਿੰਦੂ, ਗੁਰਪ੍ਰੀਤ ਸਿੰਘ ਪੀਤਾ, ਸਾਬਕਾ ਕੌਂਸਲਰ ਮਨਜੀਤ ਸਿੰਘ ਮੀਤਾ ਦਾ ਕਹਿਣਾ ਹੈ ਕਿ ਇਹ ਫ਼ਸਲ ਛੋਟੇ ਕਿਸਾਨਾਂ ਦੀ ਸੀ, ਜਿੰਨ੍ਹਾਂ ਕੋਲ ਖੇਤੀ ਤੋਂ ਸਿਵਾਏ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਨਹਿਰ ਦੇ ਲਗਾਤਾਰ ਖੇਤਾਂ ਵਿੱਚ ਜਾ ਰਹੇ ਪਾਣੀ ਨੂੰ, ਜਦੋਂ ਕਿਸਾਨ ਰੋਕਣ ਤੋਂ ਅਸਮਰਥਾ ਮਹਿਸੂਸ ਕਰਨ ਲੱਗੇ ਤਾਂ ਉਹ ਰੋਣ ਹਾਕੇ ਹੋਏ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਸੂਇਆਂ ਦੀ ਸਫ਼ਾਈ ਨਾ ਹੋਣ ਕਾਰਨ ਇਸ ਖੇਤਰ ਵਿੱਚ ਵਾਰ-ਵਾਰ ਰਜਵਾਹੇ ਟੁੱਟ ਰਹੇ ਹਨ ਤੇ ਹੁਣ ਸਿੰਚਾਈ ਵਿਭਾਗ ਦੇ ਬੇਲਦਾਰਾਂ ਦੀ ਥਾਂ ਕਿਸਾਨਾਂ ਨੂੰ ਖੁਦ ਸੂਇਆਂ ਦੇ ਟੁੱਟਣ ਤੋਂ ਪਹਿਰੇਦਾਰੀ ਕਰਨੀ ਪੈ ਰਹੀ ਹੈ। ਪੀੜਤ ਕਿਸਾਨਾਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਨਹਿਰਾਂ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਨਹਿਰਾਂ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ ਤਾਂ ਜੋ ਕਣਕ ਦੀ ਬਿਜਾਈ ਸਮੇਂ ਨਹਿਰਾਂ ਟੁੱਟਣ ਨਾਲ ਕਿਸਾਨਾਂ ਦਾ ਬਚਾਅ ਹੋ ਸਕੇ।

ਬੋਹਾ ਰਜਬਾਹੇ ਵਿੱਚ 40 ਫੁੱਟ ਚੌੜਾ ਪਾੜ ਪਿਆ

ਬੋਹਾ (ਨਿਰੰਜਣ ਬੋਹਾ): ਬੋਹਾ ਰਜਬਾਹੇ ਦੀ ਬੁਰਜੀ ਨੰਬਰ 65 ਕੋਲ ਅੱਜ ਸਵੇਰ 40 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ 400 ਏਕੜ ਦੇ ਲਗਪਗ ਜੀਰੀ ਨਸ਼ਟ ਹੋ ਗਈ। ਇਸ ਮੌਕੇ ’ਤੇ ਪਾੜ ਵਾਲੀ ਥਾਂ ’ਤੇ ਪੁੱਜੇ ਵਿਧਾਨ ਸਭਾ ਖੇਤਰ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਇਸ ਰਜਬਾਹੇ ਦੀ ਸਫ਼ਾਈ ਨਾ ਹੋਣ ਕਾਰਨ ਹੀ ਕਿਸਾਨਾਂ ’ਤੇ ਇਹ ਕਹਿਰ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਪਟੜੀ ਕੰਮਜ਼ੋਰ ਹੋਣ ਦੀ ਗੱਲ ਕਈ ਵਾਰ ਨਹਿਰੀ ਮਹਿਕਮੇ ਅਤੇ ਸਿਵਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਪਰ ਕਿਸਾਨਾਂ ਦੀ ਇਸ ਸਮੱਸਿਆਵਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ’ਤੇ ਕਿਸਾਨ ਕੁਲਬੀਰ ਸਿੰਘ ਅਮਨਦੀਪ ਸਿੰਘ, ਜਸਵਿੰਦਰ ਸਿੰਘ, ਮੱਖਣ ਸਿੰਘ, ਬਲਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਨਹਿਰੀ ਮਹਿਕਮੇ ਤੋਂ ਮੰਗ ਕਰ ਰਹੇ ਹਨ ਕਿ ਇਸ ਰਜਬਾਹੇ ਦਾ ਪਾਣੀ ਪਿੱਛੋਂ ਬੰਦ ਕਰਕੇ ਕਿਸਾਨਾਂ ਦੀ ਫਸਲ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ ਪਰ ਛੇ ਘੱਟੇ ਬੀਤ ਜਾਣ ਤੋਂ ਬਾਅਦ ਵੀ ਪਾਣੀ ਦਾ ਵਹਾਅ ਘੱਟ ਕਰਨ ਲਈ ਕੋਈ ਕਾਰਗਰ ਪ੍ਰਬੰਧ ਨਹੀਂ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਦਹੀਆ ਤੇ ਇਕਾਈ ਪ੍ਰਧਾਨ ਚੇਤ ਸਿੰਘ ਨੇ ਕਿਹਾ ਕਿ ਇਸ ਖੇਤਰ ਦੇ ਕਿਸਾਨ ਪਹਿਲਾਂ ਹੀ ਨਰਮੇ ’ਤੇ ਹੋਏ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਹੋਏ ਨੁਕਸਾਨ ਕਾਰਨ ਭਾਰੀ ਆਰਥੀਕ ਸੰਕਟ ਵਿੱਚ ਫਸੇ ਹੋਏ ਸਨ, ਹੁਣ ਜੀਰੀ ਦੀ ਫਸਲ ਦੇ ਨੁਕਸਾਨ ਨਾਲ ਇਹ ਇਕ ਨਵਾਂ ਸੰਕਟ ਹੋਰ ਵੀ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨਸ਼ਟ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਨਹਿਰੀ ਵਿਭਾਗ ਦੇ ਐੱਸਡੀਓ ਖੁਸ਼ਵੰਤ ਸਿੰਘ ਨੇ ਨਹਿਰ ਦੀ ਸਫ਼ਾਈ ਨਾ ਹੋਣ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਸਮੇਂ ਸਮੇਂ ’ਤੇ ਨਹਿਰ ਦੀ ਸਫ਼ਾਈ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਦਾ ਪਾਣੀ ਪਿੱਛੋਂ ਰੋਕ ਦਿੱਤਾ ਗਿਆ ਹੈ ਅਤੇ ਪਾਣੀ ਦਾ ਵਹਾਅ ਘਟਣ ਮਗਰੋਂ ਬੰਨ੍ਹ ਮਾਰ ਕੇ ਇਹ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹਿਰ

View All