ਜਲਾਲਾਬਾਦ: ਥਾਣਾ ਸਦਰ ਪੁਲੀਸ ਨੇ ਵਿਆਹੁਤਾ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਆਈ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਨਾਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਕੁੜੀ ਸੀਤਾ ਰਾਣੀ ਉਰਫ਼ ਸੀਰਤ ਦਾ ਵਿਆਹ ਅਪ੍ਰੈਲ 2021 ਨੂੰ ਕੁਲਦੀਪ ਸਿੰਘ ਵਾਸੀ ਢਾਣੀ ਪੰਜਾਬਪੁਰਾ ਜਲਾਲਾਬਾਦ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੜਕੀ ਦਾ ਸਹੁਰਾ ਪਰਿਵਾਰ ਉਸਨੂੰ ਦਾਜ ਲਈ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁੱਟਮਾਰ ਕਰਦਾ ਸੀ ਜਿਸ ਕਾਰਨ ਉਨ੍ਹਾਂ ਦੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਸ ਸਬੰਧੀ ਕੁਲਦੀਪ ਸਿੰਘ, ਸੰਦੀਪ ਸਿੰਘ, ਸ਼ੀਲੋ ਬਾਈ ਅਤੇ ਕੁਲਵੰਤ ਕੌਰ ਵਾਸੀ ਢਾਣੀ ਪੰਜਾਬਪੁਰਾ ਜਲਾਲਾਬਾਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। – ਪੱਤਰ ਪ੍ਰੇਰਕ