ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਮਾਨਸਾ ਨੇੜਲੇ ਦੋ ਪਿੰਡਾਂ ਫਫੜੇ ਭਾਈਕੇ ਅਤੇ ਕਿਸ਼ਨਗੜ੍ਹ ਫਰਮਾਹੀ ਦੀ ਪੰਚਾਇਤਾਂ ਉਪਰ ਹਰੇ ਦਰੱਖ਼ਤ ਪੁੱਟਣ ਦਾ ਮਾਮਲਾ ਨੂੰ ਲੈਕੇ ਪੁਲੀਸ ਵੱਲੋਂ ਦਰਜ ਕੀਤਾ ਗਿਆ ਮਾਮਲਾ ਭਖ਼ ਗਿਆ ਹੈ।
ਪੁਲੀਸ ਨੇ ਪੰਚਾਇਤਾਂ ਉਪਰ ਧਾਰਾ 353, 186, 189, 427 ਤਹਿਤ ਉਸ ਵੇਲੇ ਪਰਚਾ ਦਰਜ ਕੀਤਾ ਗਿਆ ਹੈ, ਜਦੋਂ ਇਤਿਹਾਸਕ ਪਿੰਡ ਫਫੜੇ ਭਾਈਕੇ ਦਾ ਵੱਡਾ ਸਾਲਾਨਾ ਮੇਲੇ ਵਿੱਚ ਕੁੱਝ ਹੀ ਦਿਨ ਰਹਿ ਗਏ ਹਨ।
ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਅਤੇ ਫਫੜੇ ਭਾਈਕੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦਾ ਸਲਾਨਾ ਮੇਲਾ ਹੋਣ ਕਾਰਨ ਨਹਿਰ ਉਤੇ ਖੜ੍ਹੇ ਦਰੱਖ਼ਤਾਂ ਦੇ ਟੁੱਟੇ ਹੋਏ ਟਹਾਣਿਆਂ ਅਤੇ ਨੀਵੀਆਂ ਲਮਕਦੀਆਂ ਟਹਾਣੀਆਂ ਨੂੰ ਲੋਕਾਂ ਦੇ ਲੰਘਣ-ਟੱਪਣ ਲਈ ਛਾਂਗਿਆ ਗਿਆ ਹੈ, ਪਰ ਪੁਲੀਸ ਵੱਲੋਂ ਹਰੇ ਦਰੱਖ਼ਤ ਵੱਢਣ ਦਾ ਜੋ ਪਰਚਾ ਦਰਜ ਕੀਤਾ ਹੈ, ਉਹ ਲੋਕਤੰਤਰ ਦੀਆਂ ਮੁੱਢਲੀਆਂ ਇਕਾਈਆਂ ਨਾਲ ਸ਼ਰੇਆਮ ਧੱਕਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਰਾਹ ਤੋਂ ਦਰੱਖਤ ਵੱਢਣ ਦੇ ਦੋਸ਼ ਲਾਏ ਜਾ ਰਹੇ ਹਨ, ਉਸ ਰਾਹ ਨੂੰ ਕਿਸਾਨ ਜਥੇਬੰਦੀਆਂ ਨੇ ਰਾਜਸੀ ਧਿਰਾਂ ਦੇ ਸਹਿਯੋਗ ਨਾਲ ਸੰਘਰਸ਼ ਲੜਕੇ ਨਹਿਰੀ ਵਿਭਾਗ ਦੇ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਸੀ ਅਤੇ ਉਸ ਦਾ ਬਦਲਾ ਲੈਣ ਲਈ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਸਤਾ ਭਾਈ ਬਹਿਲੋ ਗਰਲਜ਼ ਕਾਲਜ ਦੀਆਂ ਲੜਕੀਆਂ ਅਤੇ ਅਕਾਲੀ ਐਕਡਮੀ, ਜਵਾਹਰ ਨਵੋਦਿਆ ਅਤੇ ਲੜਕੀਆਂ ਵਾਲੇ ਸ਼੍ਰੋਮਣੀ ਕਮੇਟੀ ਦੇ ਸਕੂਲ ਨੂੰ ਜਾਂਦਾ-ਆਉਂਦਾ ਹੈ, ਜਿਸ ਲਈ ਟੁੱਟੇ ਟਹਾਣਿਆਂ ਅਤੇ ਨੀਵੀਆਂ ਟਹਾਣੀਆਂ ਕਾਰਨ ਲੜਕੀਆਂ ਨੂੰ ਲੰਘਣ-ਟੱਪਣ ਲਈ ਤਕਲੀਫ਼ ਸੀ। ਉਧਰ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਵਣ ਵਿਭਾਗ ਦੇ ਮੰਡਲ ਅਫ਼ਸਰ ਵੱਲੋਂ ਉਡਤ ਬ੍ਰਾਂਚ ਨਹਿਰ ਤੋਂ ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਬਾਰੇ ਪੱਤਰ ਨੰ:296ਐਮ ਅਨੁਸਾਰ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਫਰਮਾਹੀ ਅਤੇ ਪਿੰਡ ਫਫੜੇ ਭਾਈਕੇ ਵੱਲੋਂ ਕਾਫ਼ੀ ਮਾਤਰਾ ਵਿੱਚ ਮੋਟੇ ਰੁੱਖਾਂ ਦਾ ਨੁਕਸਾਨ ਕੀਤਾ ਗਿਆ ਹੈ, ਜਿਨ੍ਹਾਂ ਦੀ ਮੀਂਹ ਪੈਣ ਕਾਰਨ ਅਸਲ ਗਿਣਤੀ ਤਾਂ ਪਤਾ ਨਹੀਂ ਲੱਗ ਸਕੀ ਪਰ ਇਹ ਦਰੱਖ਼ਤ ਵੱਢ ਕੇ ਖਪਾਏ ਗਏ ਹਨ, ਜਿਸ ਕਰਕੇ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਚ ਪੁਲੀਸ ਅਧਿਕਾਰੀਆਂ ਸਮੇਤ ਪੰਚਾਇਤੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਪੰਚਾਇਤਾਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕਰਦਿਆਂ ਮੁਕੱਦਮਾ ਖਾਰਜ ਕਰਵਾਉਣ ਵਾਸਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਪੰਚਾਇਤਾਂ ਨੇ ਰਸਤਾ ਚਾਲੂ ਕਰਵਾਉਣ ਦਾ ਉਪਰਾਲਾ ਕੀਤਾ ਹੈ, ਨਾ ਕੋਈ ਗਲਤ ਦਰੱਖ਼ਤ ਵੱਢੇ ਗਏ ਹਨ।