ਭਾਖੜਾ ਬਿਆਸ ਐਂਪਲਾਈਜ਼ ਯੂਨੀਅਨ (ਏਟਕ) ਯੂਨਿਟ ਹੰਢਿਆਇਆ ਨੇ ਅੱਜ ਮਜ਼ਦੂਰ ਦਿਵਸ ਮੌਕੇ 220 ਕੇ ਵੀ ਗਰਿੱਡ ਦੇ ਮੁੱਖ ਗੇਟ ’ਤੇ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਜੈਬ ਸਿੰਘ ਸੰਘੇੜਾ ਅਤੇ ਉਪ ਪ੍ਰਧਾਨ ਦੀਦਾਰ ਸਿੰਘ ਭੈਣੀ ਫੱਤਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸਾਬਕਾ ਚੇਅਰਮੈਨ ਸੁਦਾਗਰ ਸਿੰਘ ਰੱਲਾ ਵੱਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਦਾਗਰ ਸਿੰਘ ਰੱਲਾ ਨੇ ਮਜ਼ਦੂਰ ਅੰਦੋਲਨ ਦੇ ਖ਼ੂਨੀ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਲੰਮੇ ਸੰਘਰਸ਼ਾਂ ਅਤੇ ਕੁਰਬਾਨੀਆਂ ਸਦਕਾ ਆਪਣੇ ਹੱਕ ਹਾਸਲ ਕੀਤੇ ਹਨ, ਜਿਨ੍ਹਾਂ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਅਜੋਕੇ ਸਮੇਂ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।
ਇਸ ਮੌਕੇ ਬਰਨਾਲਾ ਇਕਾਈ ਦੇ ਸਕੱਤਰ ਰਮੇਸ਼ ਕੁਮਾਰ, ਕੈਸ਼ੀਅਰ ਜਗਦੀਪ ਖ਼ਾਨ ਭਦੌੜ ਸਮੇਤ ਵਾਹਿਗੁਰੂ ਪਾਲ ਸਿੰਘ ਚੀਮਾ, ਰਜਿੰਦਰ ਕੁਮਾਰ ਜੈਤੋ ਅਤੇ ਹੋਰਨਾਂ ਆਗੂਆਂ ਨੇ ਵੀ ਮਜ਼ਦੂਰ ਏਕਤਾ ਦੇ ਨਾਅਰੇ ਬੁਲੰਦ ਕੀਤੇ। ਸਮਾਗਮ ਦੇ ਅੰਤ ਵਿੱਚ ਹਾਜ਼ਰ ਮੈਂਬਰਾਂ ਨੇ ਮਜ਼ਦੂਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਹੱਕੀ ਮੰਗਾਂ ਲਈ ਹਮੇਸ਼ਾ ਤਤਪਰ ਰਹਿਣ ਦਾ ਅਹਿਦ ਲਿਆ।

