ਪੱਤਰ ਪ੍ਰੇਰਕ
ਮਾਨਸਾ, 28 ਅਗਸਤ
ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਪਤੀ-ਪਤਨੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਕੁਝ ਵਿਅਕਤੀਆਂ ਨੂੰ ਮਿਲਿਆ ਸੀ, ਜਿਨ੍ਹਾਂ ਨੇ ਦੱਸਿਆ ਕਿ ਉਹ ਪਰਲ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਜ਼ਮਾਨਤ ਕਰਵਾਉਣ ਲਈ ਇੱਥੇ ਆਏ ਹਨ ਅਤੇ ਉਹ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ’ਤੇ ਪਈ ਪਰਲਜ਼ ਕੰਪਨੀ ਦੀ ਜ਼ਮੀਨ ਕਰੀਬ ਛੇ ਮਹੀਨਿਆਂ ’ਚ ਦਿਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫਾ ਮਿਲੇਗਾ।
ਇਸ ਤੋਂ ਬਾਅਦ ਉਨ੍ਹਾਂ ਪੀੜਤ ਨੂੰ ਬਠਿੰਡਾ ਵਿੱਚ ਚਾਰ-ਪੰਜ ਥਾਵਾਂ ’ਤੇ ਪਰਲ ਕੰਪਨੀ ਦੀ ਜ਼ਮੀਨ ਦੱਸ ਕੇ ਇਸ ਦੀ ਕੀਮਤ 15 ਕਰੋੜ ਰੁਪਏ ਦੱਸੀ, ਜਿਸ ਮਗਰੋਂ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ।
ਗੁਰਪ੍ਰੀਤ ਸਿੰਘ ਨੇ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਮਾਨਸਾ ਕੈਂਚੀਆਂ ’ਤੇ ਇਸ ਜ਼ਮੀਨ ਦੇ ਸੌਦੇ ਦੇ ਬਦਲੇ 75 ਲੱਖ ਰੁਪਏ ਦੀ ਰਕਮ ਦਿੱਤੀ, ਜਿਸ ’ਤੇ ਰਕਮ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਭਰੋਸਾ ਦਿੱਤਾ ਕਿ ਛੇ ਮਹੀਨਿਆਂ ਦੇ ਅੰਦਰ ਸਾਰੇ ਕਾਗਜ਼ਾਤ ਕਲੀਅਰ ਕਰਨ ਤੋਂ ਬਾਅਦ ਉਹ ਰਜਿਸਟਰੀ ਕਰਵਾ ਦੇਣਗੇ। ਜਦੋਂ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਗੁਰਪ੍ਰੀਤ ਸਿੰਘ ਨੇ ਜ਼ਮੀਨ ਦਾ ਸੌਦਾ ਕਰਵਾਉਣ ਵਾਲੇ ਵਿਅਕਤੀਆਂ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ ਜਿਸ ’ਤੇ ਪਤਾ ਲੱਗਾ ਕਿ ਪਹਿਲਾਂ ਉਨ੍ਹਾਂ ਨੂੰ ਹੋਰ ਰੁਪਏ ਦੇਣੇ ਪੈਣਗੇ। ਗੁਰਪ੍ਰੀਤ ਸਿੰਘ ਨੇ ਕਿਸੇ ਤਰ੍ਹਾਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਨੂੰ ਕੁੱਲ 8 ਕਰੋੜ ਰੁਪਏ ਦੇ ਦਿੱਤੇ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਪੀੜਤ ਨੂੰ ਕੋਈ ਰਾਹ ਨਾ ਦਿੱਤਾ।
ਪੀੜਤ ਨੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਮਾਮਲੇ ਦੀ ਜਾਂਚ ਕਰਨ ਉਪਰੰਤ ਸਈਅਦ ਪਰਵੇਜ਼, ਉਸ ਦੀ ਪਤਨੀ ਹਮਜ਼ਾ ਪਰਵੀਨ, ਦਲੀਪ ਕੁਮਾਰ ਤ੍ਰਿਪਾਠੀ ਅਤੇ ਸੰਜੇ ਸ਼ਰਮਾ ਵਾਸੀ ਫਰੀਦਾਬਾਦ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।