ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਪੰਚਾਇਤ ਸਮਿਤੀ ਸ਼ਹਿਣਾ ਦੀਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਦਾਖ਼ਲ ਕਰਵਾਏ ਗਏ। ਕਾਗ਼ਜ਼ਾਂ ਦੀ ਪੜਤਾਲ ਵਾਲੇ ਸਮੇਂ ਤੱਕ ਭਾਵੇਂ 77 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ, ਪਰ ਅੱਜ ਇਨ੍ਹਾਂ ਵਿੱਚੋਂ 8 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ ਹਨ ਜਿਸ ਕਰਕੇ ਪੰਚਾਇਤ ਸਮਿਤੀ ਚੋਣਾਂ ਲਈ ਉਮੀਦਵਾਰਾਂ ਦੀ ਗਿਣਤੀ 69 ਰਹਿ ਗਈ ਹੈ। ਇਸ ਗੱਲ ਦੀ ਜਾਣਕਾਰੀ ਐੱਸ ਡੀ ਐੱਮ ਤਪਾ-ਕਮ-ਰਿਟਰਨਿੰਗ ਅਫ਼ਸਰ ਆਯੂਸ਼ ਗੋਇਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਠ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲਏ ਜਾਣ ਦੀ ਪ੍ਰਕਿਰਿਆ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਐੱਸ ਡੀ ਐੱਮ ਗੋਇਲ ਨੇ ਦੱਸਿਆ ਕਿ 25 ਜ਼ੋਨਾਂ ਵਾਲੀ ਸ਼ਹਿਣਾ ਪੰਚਾਇਤ ਸਮਿਤੀ ਅੰਦਰ ਚੋਣਾਂ ਲਈ ਅਮਨ-ਅਮਾਨ ਨਾਲ ਵੋਟਾਂ ਨੂੰ ਸਿਰੇ ਚੜ੍ਹਾਉਣ ਦੀ ਪ੍ਰਕਿਰਿਆ ਯਕੀਨਨ ਬਣਾਈ ਜਾਵੇਗੀ ਜਿਸ ਸਬੰਧੀ ਚੋਣਾਂ ਲਈ ਲਗਾਏ ਗਏ ਸਟਾਫ਼ ਤੇ ਪ੍ਰੀਜਾਈਡਿੰਗ ਅਫ਼ਸਰਾਂ ਦੀਆਂ ਰਿਹਰਸਲ ਆਰੰਭ ਕਰ ਦਿੱਤੀ ਗਈ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ 23 ਤੇ ਪੰਚਾਇਤ ਸਮਿਤੀ ਲਈ ਵੱਖ-ਵੱਖ ਜ਼ੋਨਾਂ ਤੋਂ 77 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ 23 ਉਮੀਦਵਾਰਾਂ ਵੱਲੋਂ ਕਾਗਜ਼ ਲੈਣ ਉਪਰੰਤ 65 ਉਮੀਦਵਾਰ ਮੁਕਾਬਲੇ ਵਿੱਚ ਰਹਿ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਪੈਂਦੀਆਂ 5 ਪੰਚਾਇਤੀ ਸਮਿਤੀਆਂ ਤੋਂ 77 ਉਮੀਦਵਾਰਾਂ ਵੱਲੋਂ ਕਾਗਜ਼ ਲੈਣ ਉਪਰੰਤ 416 ਉਮੀਦਵਾਰ ਮੁਕਾਬਲੇ ਵਿੱਚ ਹਨ।
ਇਸ ਦੌਰਾਨ ਨਾਮਜ਼ਦਗੀ ਕਾਗਜ਼ਾਂ ਦੀ ਵਾਪਸੀ ਉਪਰੰਤ ਪੰਚਾਇਤ ਸੰਮਤੀ ਅਰਨੀਵਾਲਾ ਤੋਂ 62, ਪੰਚਾਇਤ ਸੰਮਤੀ ਫਾਜ਼ਿਲਕਾ ਤੋਂ 95, ਪੰਚਾਇਤ ਸਮਿਤੀ ਜਲਾਲਾਬਾਦ ਤੋਂ 106, ਪੰਚਾਇਤ ਸਮਿਤੀ ਬਲੂਆਣਾ ਐਟ ਅਬੋਹਰ ਤੋਂ 93 ਤੇ ਪੰਚਾਇਤ ਸਮਿਤੀ ਖੂਈਆਂ ਸਰਵਰ ਐਟ ਅਬੋਹਰ ਤੋਂ 60 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ।
ਘੱਲ ਖੁਰਦ ਦੇ 23 ਜ਼ੋਨਾਂ ਲਈ ਕੁੱਲ 69 ਉਮੀਦਵਾਰ ਮੈਦਾਨ ’ਚ
ਤਲਵੰਡੀ ਭਾਈ (ਸੁਦੇਸ਼ ਕੁਮਾਰ ਹੈਪੀ): ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਬਲਾਕ ਘੱਲ ਖੁਰਦ ਪੰਚਾਇਤ ਸਮਿਤੀ ਦੇ 23 ਜ਼ੋਨਾਂ ਲਈ ਕੁੱਲ 69 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਸਹਾਇਕ ਰਿਟਰਨਿੰਗ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਦੂਜੇ ਪਾਸੇ, ਬਲਾਕ ਵਿੱਚ ਪੈਂਦੀਆਂ ਤਿੰਨ ਜ਼ਿਲ੍ਹਾ ਪਰਿਸ਼ਦ ਸੀਟਾਂ ਵਜੀਦਪੁਰ, ਸ਼ੇਰ ਖਾਂ ਅਤੇ ਫ਼ਿਰੋਜ਼ਸ਼ਾਹ ਤੋਂ ਕ੍ਰਮਵਾਰ 5, 5 ਅਤੇ 3 (ਕੁੱਲ 13) ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਬਲਾਕ ਵਿੱਚ ਪਰਿਸ਼ਦ ਤੇ ਸਮਿਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਸਮਾਜ ਸੇਵਾ ਰਾਹੀਂ ਰਾਜਨੀਤੀ ਵਿੱਚ ਆਏ ਗੁਰਪ੍ਰੀਤ ਸਿੰਘ ਸੇਖੋਂ ਦੇ ਆਜ਼ਾਦ ਧੜੇ ਵਿਚਕਾਰ ਹੋਏ ਰਾਜਨੀਤਕ ਗੱਠਜੋੜ ਕਾਰਨ ਇੱਥੇ ਚੋਣ ਮੁਕਾਬਲਾ ਬੜਾ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਇੱਥੋਂ ਪੰਚਾਇਤ ਸਮਿਤੀ ਲਈ ਆਮ ਆਦਮੀ ਪਾਰਟੀ ਦੇ 19, ਆਜ਼ਾਦ 18, ਕਾਂਗਰਸ ਦੇ 17 ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕ੍ਰਮਵਾਰ ਸਿਰਫ਼ 8 ਅਤੇ 7 ਉਮੀਦਵਾਰ ਹੀ ਚੋਣ ਲੜ ਰਹੇ ਹਨ।

