ਹੜ੍ਹ ਮਾਰੇ ਪਿੰਡਾਂ ’ਚ ਕਣਕ ਦੀ ਕਾਸ਼ਤ ਲਈ 500 ਟਰੈਕਟਰ ਰਵਾਨਾ
ਆਫ਼ਤ ਕਾਰਨ ਕਿਸਾਨਾਂ ਦੇ ਵਿੱਤੀ ਨੁਕਸਾਨ ਨੂੰ ਦੇਖਦਿਆਂ ਕੀਤਾ ਉਪਰਾਲਾ: ਨਰੇਸ਼ ਕਟਾਰੀਆ
ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ‘ਆਪ’ ਦੇ ਯੂਥ ਆਗੂ ਸ਼ੰਕਰ ਕਟਾਰੀਆ ਦੀ ਅਗਵਾਈ ਹੇਠ ਸ਼ਹਿਜਾਦਾ ਰਿਜ਼ੌਰਟ ਜ਼ੀਰਾ ਤੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਨੂੰ ਫਸਲਾਂ ਦੀ ਬਿਜਾਈ ਲਈ 500 ਦੇ ਕਰੀਬ ਟਰੈਕਟਰ ਰਵਾਨਾ ਕੀਤੇ ਗਏ। ਇਸ ਮੌਕੇ ਵਿਧਾਇਕ ਕਟਾਰੀਆ ਨੇ ਦੱਸਿਆ ਕਿ ਹਲਕੇ ਦੇ ਲਗਭਗ 35 ਪਿੰਡ ਹੜ੍ਹ ਦੀ ਲਪੇਟ ਵਿੱਚ ਆਉਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ, ਖੇਤੀਬਾੜੀ ਅਤੇ ਪਸ਼ੂਧਨ ਸਬੰਧੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਹਜ਼ਾਰਾਂ ਏਕੜ ਫਸਲੀ ਜ਼ਮੀਨ ਪਾਣੀ ਹੇਠ ਜਾਣ ਕਾਰਨ ਕਿਸਾਨਾਂ ਸਾਹਮਣੇ ਬਿਜਾਈ ਦੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਸਮਝਦਿਆਂ ਆਮ ਆਦਮੀ ਪਾਰਟੀ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਰੋਜ਼ਾਨਾ 5 ਤੋਂ 7 ਟਰਾਲੀਆਂ ਰਾਹਤ ਸਮੱਗਰੀ ਖਾਣ-ਪੀਣ ਦੀਆਂ ਵਸਤਾਂ, ਪਸ਼ੂਆਂ ਲਈ ਚੌਕਰ, ਤੂੜੀ ਅਤੇ ਚਾਰੇ ਦੀਆਂ ਗੱਠਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਕਟਾਰੀਆ ਨੇ ਕਿਹਾ ਕਿ ਕਿਸਾਨਾਂ ਲਈ ਕਣਕ ਦੀ ਬਿਜਾਈ ਕਰਨ ਲਈ ਅੱਜ ਜ਼ੀਰਾ ਤੋਂ 500 ਦੇ ਕਰੀਬ ਟਰੈਕਟਰ ਰਵਾਨਾ ਕੀਤੇ ਗਏ ਜੋ ਫਸਲਾਂ ਦੀ ਬਿਜਾਈ ਦਾ ਕੰਮ ਪੂਰਾ ਕਰਕੇ ਹੀ ਵਾਪਸ ਆਉਣਗੇ। ਇਸ ਤੋਂ ਇਲਾਵਾ 35 ਹਜ਼ਾਰ ਲੀਟਰ ਡੀਜ਼ਲ, 7 ਸੌ ਦੇ ਕਰੀਬ ਡੀਏਪੀ ਦੇ ਗੱਟੇ ਅਤੇ 1 ਹਜਾਰ ਗੱਟਾ ਕਣਕ ਦਾ ਬੀਜ ਭੇਜਿਆ ਗਿਆ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਵੇ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਸ਼ੰਮੀ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਜੱਜ, ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਨੰਦ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਹਰਭਗਵਾਨ ਸਿੰਘ ਭੋਲ਼ਾ ਬਲਾਕ ਪ੍ਰਧਾਨ ਜ਼ੀਰਾ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਰਾਮ ਸਿੰਘ ਗਿੱਲ ਸਰਪੰਚ ਲੌਂਗੋਦੇਵਾ, ਸਰਪੰਚ ਇਕਬਾਲ ਸਿੰਘ ਖੋਸਾ ਨੀਲੇਵਾਲਾ, ਸ਼ਮਸ਼ੇਰ ਸਿੰਘ ਢਿੱਲੋਂ ਮੱਲ੍ਹੇਸ਼ਾਹ, ਤੀਰਥ ਸਿੰਘ ਬਰਾੜ ਸਰਪੰਚ ਫੇਰੋਕੇ, ਸਰਪੰਚ ਬਲਰਾਜ ਸਿੰਘ ਗੋਗੋਆਣੀ, ਕੈਪਟਨ ਨਛੱਤਰ ਸਿੰਘ, ਮੇਜਰ ਸਿੰਘ ਭੁੱਲਰ ਪੀ ਏ, ਦਰਬਾਰਾ ਸਿੰਘ, ਸਰਬਜੀਤ ਸ਼ਰਮਾ, ਅੰਗਰੇਜ ਸਿੰਘ ਬਘੇਲੇ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰਪੰਚ ਅਤੇ ਮੈਂਬਰ ਹਾਜ਼ਰ ਸਨ।

