ਖੇਤਰੀ ਪ੍ਰਤੀਨਿਧ
ਬਰਨਾਲਾ, 27 ਜੁਲਾਈ
ਇੱਥੇ ਰੇਲਵੇ ਸਟੇਸ਼ਨ ’ਤੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸਾਂਝਾ ਕਿਸਾਨੀ ਧਰਨਾ ਅੱਜ ਆਪਣੇ 300 ਦਿਨ ਪੂਰੇ ਕਰ ਗਿਆ। ਇਸ ਮੌਕੇ ਬਰਨਾਲਾ ਧਰਨੇ ਦੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਇਸ ਦੇ ਕਮਜ਼ੋਰ ਤੇ ਮਜ਼ਬੂਤ ਪੱਖਾਂ ਦੀ ਨਿਸ਼ਾਨਦੇਹੀ ਕੀਤੀ। ਬੁਲਾਰਿਆਂ ਨੇ ਤਸੱਲੀ ਪ੍ਰਗਟਾਈ ਕਿ ਇੰਨੇ ਲੰਬੇ ਅਰਸੇ ਦੌਰਾਨ ਵੀ ਧਰਨੇ ਦਾ ਜੋਸ਼ ਤੇ ਰੋਹ ਬਰਕਰਾਰ ਹੈ। ਧਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ ਤੇ ਗੁਰਮੇਲ ਸ਼ਰਮਾ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੋਲ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲਾਏ ਧਰਨੇ ਦੇ ਵੀ 300 ਦਿਨ ਪੂਰੇ ਹੋ ਗਏ ਅਤੇ ਅੱਜ ਵੀ ਇਹ ਧਰਨਾ ਪੂਰੇ ਨਾਲ ਜਾਰੀ ਰਿਹਾ।
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਇਥੋਂ ਦੇ ਇਕ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਅਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਪਾਰਕਿੰਗ ਵਿੱਚ ਲਾਇਆ ਧਰਨਾ ਜਾਰੀ ਹੈ। ਇਸ ਮੌਕੇ ਜਰਨੈਲ ਸਿੰਘ ਤੇ ਜਸਵੀਰ ਕੌਰ ਸਣੇ ਹੋਰਾਂ ਨੇ ਸੰਬੋਧਨ ਕੀਤਾ।
ਬਿਜਲੀ ਸੋਧ ਬਿੱਲਾਂ ਦਾ ਵਿਰੋਧ
ਸ਼ਹਿਣਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲਾਂ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸ਼ਹਿਣਾ ਵਿੱਚ ਸਖ਼ਤ ਵਿਰੋਧ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਜ਼ਿਲ੍ਹਾ ਸਰਪ੍ਰਸਤ ਹਰਬੰਸ ਸਿੰਘ ਨੰਬਰਦਾਰ ਤੇ ਬਲਾਕ ਸ਼ਹਿਣਾ ਦੇ ਪ੍ਰਧਾਨ ਸਤਿਨਾਮ ਸਿੰਘ ਸੱਤੀ ਨੇ ਆਖਿਆ ਕਿ ਬਿਜਲੀ ਬਿੱਲ ਕਿਸਾਨਾਂ ਅਤੇ ਗਰੀਬਾਂ ਦੇ ਹੱਕਾਂ ’ਤੇ ਇੱਕ ਹੋਰ ਵੱਡਾ ਡਾਕਾ ਹੈ।