
ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਮਾਰਚ
ਇੱਥੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੌਲਤਪੁਰਾ ਕੋਲ ਲਿੰਕ ਸੜਕ ’ਤੇ ਟਰੈਕਟਰ ਵੇਚ ਕੇ ਪਰਤ ਰਹੇ ਕਿਸਾਨ ਤੋਂ 2.30 ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਪਿੰਡ ਸਦਾ ਸਿੰਘ ਵਾਸੀ ਬੇਅੰਤ ਸਿੰਘ ਨੇ 8 ਮਾਰਚ ਨੂੰ ਫ਼ਿਰੋਜ਼ਪੁਰ ਦੇ ਪਿੰਡ ਪੀਰੂ ਵਾਲਾ ਦੇ ਵਿਅਕਤੀ ਨੂੰ ਆਪਣਾ ਟਰੈਕਟਰ ਤਿੰਨ ਲੱਖ ਰੁਪਏ ਵਿੱਚ ਵੇਚਿਆ ਸੀ। ਉਸ ਦਿਨ 50 ਹਜ਼ਾਰ ਰੁਪਏ ਤੁਰੰਤ ਲੈ ਲਏ ਅਤੇ ਬਾਕੀ ਰਕਮ ਵਿੱਚੋਂ ਟਰੈਕਟਰ ਖ਼ਰੀਦਦਾਰ ਨੇ 20 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਭੇਜ ਦਿੱਤੇ। ਉਸ ਨੇ ਬਾਕੀ ਰਕਮ 2.30 ਲੱਖ ਰੁਪਏ 26 ਮਾਰਚ ਨੂੰ ਦਿੱਤੀ ਸੀ, ਲੁੱਟ ਲਏ ਗਏ।
ਪੁਲੀਸ ਸੂਤਰਾਂ ਮੁਤਾਬਕ ਛੇ ਨਕਾਬਪੋਸ਼ਾਂ ਨੇ ਪਹਿਲਾਂ ਕਿਸਾਨ ਨੂੰ ਰੋਕਿਆ ਅਤੇ ਉਸ ’ਤੇ ਹਮਲਾ ਕੀਤਾ। ਇਸ ਮਗਰੋਂ ਉਹ ਉਸ ਕੋਲੋਂ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿੰਡ ਦੌਲਤਪੁਰਾ ਤੋਂ ਪਿੰਡ ਮਹੇਸਰੀਆਂ ਵਿਚਕਾਰ ਲਿੰਕ ਸੜਕ ’ਤੇ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਨਕਾਬਪੋਸ਼ਾਂ ਨੇ ਸੁੰਨਸਾਨ ਸੜਕ ’ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਦੇ ਸਿਰ ’ਤੇ ਬੇਸਬੱਲੇ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਹਮਲਾਵਰ ਉਸ ਕੋਲੋਂ 2.30 ਲੱਖ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਪੀੜਤ ਬੇਅੰਤ ਸਿੰਘ ਨੇ ਥਾਣਾ ਸਦਰ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਪੀੜਤ ਦੇ ਬਿਆਨ ਦੇ ਆਧਾਰ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਲੁਟੇਰਿਆਂ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ