ਖਾਲ਼ਾਂ ਦੇ ਨਵੀਨੀਕਰਨ ਨਾਲ 16 ਪਿੰਡਾਂ ਨੂੰ ਮਿਲੇਗਾ ਲਾਹਾ: Barinder Goyal
ਕੈਬਨਿਟ ਮੰਤਰੀ ਨੇ ਬਠਿੰਡਾ ਤੇ ਅਬੋਹਰ ਵਿੱਚ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਬਠਿੰਡਾ ਅਤੇ ਅਬੋਹਰ ਖੇਤਰ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਵੱਡੀਆਂ ਸੌਗਾਤਾਂ ਦਿੱਤੀਆਂ ਹਨ। ਉਨ੍ਹਾਂ ਬਠਿੰਡਾ ਦੇ ਪਿੰਡ ਜੀਦਾ ਵਿੱਚ 14.57 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਨਵੇਂ ਨਹਿਰੀ ਪਾਣੀ ਦੇ ਖਾਲਾਂ ਅਤੇ ਮੋਘਿਆਂ ਦਾ ਉਦਘਾਟਨ ਕੀਤਾ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਪਿੰਡ ਜੀਦਾ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਨ੍ਹਾਂ ਖਾਲਾਂ ਦੇ ਨਵੀਨੀਕਰਨ ਨਾਲ 16 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਕਾਰਨ ਨਹਿਰੀ ਸਿੰਚਾਈ ਹੇਠਲਾ ਰਕਬਾ 5,453 ਏਕੜ ਤੋਂ ਵਧ ਕੇ 7,163 ਏਕੜ ਹੋ ਗਿਆ ਹੈ, ਜਦਕਿ ਪਹਿਲਾਂ ਇਨ੍ਹਾਂ ਖਾਲਾਂ ਰਾਹੀਂ ਸਿਰਫ਼ 1,710 ਏਕੜ ਰਕਬੇ ਦੀ ਸਿੰਚਾਈ ਹੁੰਦੀ ਸੀ। ਨਿਉਰ ਮਾਈਨਰ ਤਹਿਤ ਪਿੰਡ ਜੀਦਾ ਵਿੱਚ 1.29 ਕਰੋੜ ਰੁਪਏ ਦੀ ਲਾਗਤ ਨਾਲ 5.30 ਕਿਲੋਮੀਟਰ ਲੰਬੇ ਖਾਲ ਬਣਾਏ ਗਏ ਹਨ, ਜਿਸ ਨਾਲ ਇਕੱਲੇ ਜੀਦਾ ਦੇ ਕਿਸਾਨਾਂ ਦੇ 500 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਨਹਿਰਾਂ ਅਤੇ ਖਾਲਾਂ ਦੇ ਇਸ ਵਿਸਥਾਰ ਨਾਲ ਟਿਊਬਵੈੱਲਾਂ ’ਤੇ ਕਿਸਾਨਾਂ ਦੀ ਨਿਰਭਰਤਾ ਘਟੇਗੀ, ਬਿਜਲੀ ਦੀ ਬੱਚਤ ਹੋਵੇਗੀ ਅਤੇ ਖੇਤੀ ਖ਼ਰਚੇ ਘੱਟਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਅਬੋਹਰ ਦੇ ਪਿੰਡ ਖੁਈਆਂ ਸਰਵਰ ਅਤੇ ਨਕੇਰੀਆ ਦਾ ਦੌਰਾ ਕਰ ਕੇ ਸੇਮ ਦੀ ਸਮੱਸਿਆ ਦੇ ਹੱਲ ਲਈ ਚੱਲ ਰਹੇ ਸਬ-ਸਰਫੇਸ ਡਰੇਨੇਜ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਖੁਈਆਂ ਸਰਵਰ ਖੇਤਰ ਵਿੱਚ 7.78 ਕਰੋੜ ਰੁਪਏ ਦੀ ਲਾਗਤ ਨਾਲ ਦੋ ਪ੍ਰਾਜੈਕਟ ਮੁਕੰਮਲ ਕਰ ਕੇ 412 ਏਕੜ ਸੇਮ ਪ੍ਰਭਾਵਿਤ ਰਕਬਾ ਮੁੜ ਖੇਤੀਯੋਗ ਬਣਾ ਦਿੱਤਾ ਗਿਆ ਹੈ। ਪਹਿਲੇ ਪ੍ਰਾਜੈਕਟ ਤਹਿਤ 5.38 ਕਰੋੜ ਰੁਪਏ ਖ਼ਰਚ ਕੇ 327 ਏਕੜ ਅਤੇ ਦੂਜੇ ਪ੍ਰਾਜੈਕਟ ਤਹਿਤ 2.40 ਕਰੋੜ ਰੁਪਏ ਨਾਲ 85 ਏਕੜ ਜ਼ਮੀਨ ਨੂੰ ਸੇਮ ਤੋਂ ਮੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਕੇਰੀਆ ਵਿੱਚ 6.91 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਪ੍ਰਾਜੈਕਟ ਦਾ ਕੰਮ ਵੀ ਜਾਰੀ ਹੈ, ਜਿਸ ਦੇ ਮੁਕੰਮਲ ਹੋਣ ਨਾਲ ਹੋਰ 250 ਏਕੜ ਜ਼ਮੀਨ ਨੂੰ ਰਾਹਤ ਮਿਲੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਮਿੱਥੇ ਸਮੇਂ ਵਿੱਚ ਅਤੇ ਪੂਰੀ ਮਿਆਰ ਨਾਲ ਨੇਪਰੇ ਚਾੜ੍ਹੇ ਜਾਣ।

