ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 24 ਸਤੰਬਰ
ਬਰਨਾਲਾ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਗ੍ਰਾਂਟ ਨਾਲ ਨਗਰ ਕੌਂਸਲ ਬਰਨਾਲਾ ਨੂੰ 1.20 ਕਰੋੜ ਦੀ ਲਾਗਤ ਨਾਲ ਕੂੜਾ ਚੁੱਕਣ ਲਈ 15 ਟਾਟਾ ਏਸ ਗੱਡੀਆਂ ਮਿਲੀਆਂ ਹਨ, ਜਿਨ੍ਹਾਂ ਨੂੰ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਅੱਜ ਸਥਾਨ ਰੇਲਵੇ ਸਟੇਸ਼ਨ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਢਾਂਚੇ ਵਿੱਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਸ਼ਹਿਰਾਂ ’ਚ ਸਫ਼ਾਈ ਪ੍ਰਬੰਧ ਪੁਖ਼ਤਾ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਮਿਸ਼ਨ ਤਹਿਤ ਨਗਰ ਕੌਂਸਲ ਨੂੰ ਗਿੱਲਾ ਅਤੇ ਸੁੱਕਾ ਕੂੜਾ ਵਖ-ਵੱਖ ਇਕੱਠਾ ਕਰਨ ਲਈ ਦਿੱਤੀਆਂ 15 ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ ਜਿਨ੍ਹਾਂ ਨਾਲ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਬਿਹਤਰ ਹੋਣਗੇ ਅਤੇ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਛੁਟਕਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਮਿਸ਼ਨ ਸਿਰਫ ਇਕ ਵਿਭਾਗ ਦੇ ਕੰਮ ਕਰਨ ਨਾਲ ਹੀ ਸਫ਼ਲ ਨਹੀਂ ਹੋਣਾ ਬਲਕਿ ਹਰ ਸ਼ਹਿਰ ਵਾਸੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਸੁੱਕਾ ਅਤੇ ਗਿੱਲਾ ਕੂੜਾ ਅਲੱਗ ਅਲੱਗ ਰੱਖਣ ਤਾਂ ਜੋ ਕੂੜੇ ਦਾ ਵੱਖੋ-ਵੱਖ ਨਿਬੇੜਾ ਕਰਕੇ ਸ਼ਹਿਰ ਦੇ ਸਾਰੇ 31 ਵਾਰਡਾਂ ਨੂੰ ਸਫ਼ਾਈ ਪੱਖੋਂ ਮੋਹਰੀ ਬਣਾਇਆ ਜਾ ਸਕੇ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਓਐੱਸਡੀ ਹਸਨਪ੍ਰੀਤ ਭਾਰਦਵਾਜ, ਕਾਰਜਸਾਧਕ ਅਫ਼ਸਰ ਵਿਸ਼ਾਲਦੀਪ, ਵੱਖ-ਵੱਖ ਵਾਰਡਾਂ ਦੇ ਕੌਂਸਲਰ ਤੇ ਹੋਰ ਪਤਵੰਤੇ ਹਾਜ਼ਰ ਸਨ।