ਪੱਤਰ ਪ੍ਰੇਰਕ
ਲੰਬੀ, 13 ਸਤੰਬਰ
ਇੱਥੋਂ ਨੇੜਲੇ ਪਿੰਡ ਸਹਿਣਾਖੇੜਾ ਵਿੱਚ ਬੀਤੀ ਰਾਤ ਕਿਸਾਨ ਪਰਿਵਾਰ ਦੇ ਘਰੋਂ ਚੋਰ ਸਾਢੇ ਦਸ ਲੱਖ ਰੁਪਏ ਦਾ ਸੋਨਾ ਅਤੇ ਨਗਦੀ ਚੋਰੀ ਕਰ ਕੇ ਲੈ ਗਏ। ਲੰਬੀ ਪੁਲੀਸ ਨੇ ਵਾਰਦਾਤ ਦੀ ਪੜਤਾਲ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਪੀੜਤ ਕਿਸਾਨ ਬਲਵਿੰਦਰ ਸਿੰਘ ਦਾ ਘਰ ਖੇਤਾਂ ਨਾਲ ਸਥਿਤ ਹੈ। ਚੋਰ ਪਿਛਲੇ ਪਾਸਿਓਂ ਘਰ ਵਿੱਚ ਦਾਖ਼ਲ ਹੋਏ। ਪੁਲੀਸ ਸੂਤਰਾਂ ਮੁਤਾਬਕ ਪਰਿਵਾਰ ਦੀ ਵੱਡੀ ਅਣਗਹਿਲੀ ਸੀ ਕਿ ਘਰ ਖੇਤਾਂ ਵਿੱਚ ਹੋਣ ਦੇ ਬਾਵਜੂਦ ਅਲਮਾਰੀ ਦੀਆਂ ਚਾਬੀਆਂ ਉਸੇ ਕਮਰੇ ਵਿੱਚ ਰੱਖੀਆਂ ਹੋਈਆਂ ਸਨ। ਕਿਸਾਨ ਬਲਵਿੰਦਰ ਸਿੰਘ ਮੁਤਾਬਕ ਵਾਰਦਾਤ ਵਿੱਚ ਚੋਰ ਉਨ੍ਹਾਂ ਦੇ 15 ਤੋਲੇ ਸੋਨੇ ਦੇ ਗਹਿਣੇ ਅਤੇ 1.40 ਲੱਖ ਰੁਪਏ ਨਗਦੀ ਚੋਰੀ ਕਰ ਕੇ ਲੈ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਲੰਬੀ ਦੇ ਡੀਐੱਸਪੀ ਜਸਪਾਲ ਸਿੰਘ, ਥਾਣਾ ਮੁਖੀ ਮਨਿੰਦਰ ਸਿੰਘ ਪੁੱਜ ਗਏ। ਫ਼ਰੀਦੋਕਟ ਤੋਂ ਡਾਗ ਸਕੁਐਡ ਤੋਂ ਇਲਾਵਾ ਫਿੰਗਰ ਪ੍ਰਿੰਟ ਮਾਹਿਰ ਅਤੇ ਸਾਈਬਰ ਸੈੱਲ ਨੇ ਮੌਕੇ ਤੋਂ ਸੁਰਾਗ ਇਕੱਤਰ ਕੀਤੇ ਹਨ।