ਧਰਮਕੋਟ ’ਚੋਂ 13 ਅਤੇ ਕੋਟ ਈਸੇ ਖਾਂ ਵਿਚ 7 ਨਾਮਜ਼ਦਗੀਆਂ ਭਰੀਆਂ
ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਹਲਕੇ ਦੇ ਦੋਵੇ ਬਲਾਕਾਂ ਧਰਮਕੋਟ ਅਤੇ ਕੋਟ ਈਸੇ ਖਾਂ ਵਿਚੋਂ ਕੁਲ 20 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਈਆਂ। ਅੱਜ ਕਾਗਜ਼ ਦਾਖਲ ਕਰਨ ਦਾ ਦੂਜਾ ਦਿਨ ਸੀ। ਲੰਘੇ ਕੱਲ੍ਹ ਪਹਿਲੇ ਦਿਨ ਦੋਹਾਂ ਥਾਵਾਂ ਤੋਂ ਕੁੱਲ 4 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਸਨ। ਕਾਂਗਰਸ ਪਾਰਟੀ ਇਸ ਵਾਰ ਇਨ੍ਹਾਂ ਚੋਣਾਂ ਵਿੱਚ ਕਾਫੀ ਉਤਸ਼ਾਹ ਨਾਲ ਹਿੱਸਾ ਲੈ ਰਹੀ ਹੈ। ਇਨ੍ਹਾਂ ਦੋਹਾਂ ਦਿਨਾਂ ਵਿੱਚ ਕੋਟ ਈਸੇ ਖਾਂ ਪੰਚਾਇਤ ਸਮਿਤੀ ਲਈ ਕਾਂਗਰਸ ਪਾਰਟੀ ਨਾਲ ਸਬੰਧਤ ਹੀ 10 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। ਇਸੇ ਤਰ੍ਹਾਂ ਹੀ ਧਰਮਕੋਟ ਸਮਿਤੀ ਲਈ ਵੀ ਸਾਰੇ ਵਿਰੋਧੀ ਉਮੀਦਵਾਰਾਂ ਵਲੋਂ ਹੀ ਨਾਮਜ਼ਦਗੀਆਂ ਹੋਈਆਂ ਹਨ। ਕੋਟ ਈਸੇ ਖਾਂ ਬਲਾਕ ਪੰਚਾਇਤ ਸਮਿਤੀ ਨੂੰ ਪੰਜਾਬ ਸਰਕਾਰ ਵਲੋਂ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਧਰਮਕੋਟ ਲਈ ਇਸੇ ਵਰ੍ਹੇ ਦੇ ਅੱਧ ਵਿੱਚ ਨਵੇਂ ਬਲਾਕ ਦਾ ਗਠਨ ਕੀਤਾ ਗਿਆ ਸੀ। ਮੋਗੇ ਬਲਾਕ ਦੇ ਕੁਝ ਪਿੰਡ ਤੋੜ ਕੇ ਨਵੇਂ ਬਲਾਕ ਨਾਲ ਜੋੜੇ ਗਏ ਹਨ। ਕੋਟ ਈਸੇ ਖਾਂ ਪੰਚਾਇਤ ਸਮਿਤੀ ਦੇ 16 ਅਤੇ ਧਰਮਕੋਟ ਸਮਿਤੀ ਦੇ 18 ਜ਼ੋਨ ਬਣਾਏ ਗਏ ਹਨ।
