ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵਿੱਦਿਆ ਸਕੱਤਰ ਇੰਜਨੀਅਰ ਸੁਖਮਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖ਼ਾਲਸਾ ਕਾਲਜ ਗੁਰਦਾਸਨੰਗਲ ਦੀ ਭੰਗੜਾ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਜ਼ੋਨਲ ਯੁਵਕ ਮੇਲੇ ਵਿੱਚੋਂ ਅੱਵਲ ਰਹੀ ਹੈ।
ਕਾਲਜ ਦੀ ਭੰਗੜਾ ਟੀਮ ਦਾ ਵਿਦਿਆਰਥੀ ਹਰਮਨਪ੍ਰੀਤ ਸਿੰਘ ਲਗਾਤਾਰ ਤੀਜੀ ਵਾਰ ਬੈਸਟ ਪਰਫਾਰਮਰ ਚੁਣਿਆ ਗਿਆ।
ਕਾਲਜ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਸਮੁੱਚੇ ਕਾਲਜ ਲਈ ਮਾਣ ਵਾਲੀ ਗੱਲ ਹੈ। ਭੰਗੜੇ ਤੋਂ ਇਲਾਵਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਸੁਰਾਂ ਦੀ ਬਾਕਮਾਲ ਪੇਸ਼ਕਾਰੀ ਕਰਦਿਆਂ ਗਜ਼ਲ ਗਾਇਨ ਮੁਕਾਬਲੇ ਵਿੱਚੋਂ ਦੂਜਾ ਸਥਾਨ ਅਤੇ ਲੋਕ ਗੀਤ ਤੇ ਮਿਊਜ਼ਿਕ ਇੰਸਟਰੂਮੈਂਟ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਕੋਲਾਜ ਮੇਕਿੰਗ ਮੁਕਾਬਲਿਆਂ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਭੰਗੜਾ ਟੀਮ ਅਤੇ ਜੇਤੂ ਵਿਦਿਆਰਥੀਆਂ ਦਾ ਕਾਲਜ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਆਤਮਾ ਸਿੰਘ, ਪ੍ਰੋ. ਹਰਜੀਤ ਕੌਰ ਅਤੇ ਮਿਊਜ਼ਿਕ ਵਿਭਾਗ ਦੇ ਪ੍ਰੋ. ਕਰਨਵੀਰ ਸਿੰਘ ਨੂੰ ਵੀ ਵਿਦਿਆਰਥੀਆਂ ਦੀਆਂ ਕਾਲਜ ਲਈ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅੰਤਰ-ਜ਼ੋਨਲ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

