
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 18 ਮਾਰਚ
ਇੱਥੋਂ ਦੀ ਹਰਦੋਛੰਨੀ ਰੋਡ ’ਤੇ ਅੱਜ ਦੁਪਹਿਰ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ। ਇਸ ਨਾਲ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਵਿੱਚ ਨੌਜਵਾਨ ਦੇ ਨਾਲ ਬੈਠੀ ਉਸ ਦੀ ਭਰਜਾਈ ਅਤੇ ਦੋ-ਸਾਲਾ ਭਤੀਜਾ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿਜੇ ਮਸੀਹ (20) ਪੁੱਤਰ ਪੱਪਾ ਮਸੀਹ ਵਾਸੀ ਪਿੰਡ ਆਦੀਆਂ ਵਜੋਂ ਹੋਈ ਹੈ। ਵਿਜੇ ਮਸੀਹ ਦੀ ਭਰਜਾਈ ਆਸ਼ਾ ਪਤਨੀ ਪੰਮਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਬਾਕੀ ਪਰਿਵਾਰ ਨਬੀਪੁਰ ਭੱਠੇ ’ਤੇ ਕੰਮ ਕਰਦੇ ਹਨ। ਕਰੀਬ 12 ਵਜੇ ਉਹ ਵਿਜੇ ਨਾਲ ਮੋਟਰਸਾਈਕਲ ’ਤੇ ਆਪਣੇ ਲੜਕੇ ਨੂੰ ਪਿੰਡ ਆਦੀਆਂ ਦਵਾਈ ਲੈਣ ਜਾ ਰਹੇ ਸਨ। ਉਹ ਜਦੋਂ ਅਸੀਂ ਪਿੰਡ ਆਲੀਨੰਗਲ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਵਿੱਚ ਵਿਜੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਸਪਾਸ ਦੇ ਲੋਕਾਂ ਨੇ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਘੇਰ ਲਿਆ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਕਾਰ ਦਾ ਡਰਾਈਵਰ ਵਿਦੇਸ਼ ਵਿੱਚ ਰਹਿੰਦਾ ਨੌਜਵਾਨ ਹੈ ਅਤੇ ਉਸ ਦਾ ਪਿਤਾ ਪੰਜਾਬ ਪੁਲੀਸ ਵਿੱਚ ਤਾਇਨਾਤ ਹੈ। ਨੌਜਵਾਨ ਨੂੰ ਜਦੋਂ ਲੋਕਾਂ ਨੇ ਘੇਰ ਲਿਆ ਤਾਂ ਉਸ ਨੇ ਮੌਕੇ ’ਤੇ ਆਪਣੇ ਕੁਝ ਸਾਥੀਆਂ ਨੂੰ ਫੋਨ ’ਤੇ ਬੁਲਾਇਆ, ਜਿਨ੍ਹਾਂ ਨੇ ਹਥਿਆਰਾਂ ਦੀ ਮਦਦ ਨਾਲ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਆਲੇ-ਦੁਆਲੇ ਦੇ ਲੋਕਾਂ ਨੇ ਘੇਰ ਲਿਆ। ਉਨ੍ਹਾਂ ਕਿਹਾ ਕਿ ਜੇ ਪੁਲੀਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਦੂਜੇ ਪਾਸੇ, ਥਾਣਾ ਸਦਰ ਦੇ ਏਐੱਸਆਈ ਮਲਕੀਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀ ਆਸ਼ਾ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ