ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚਿਆਂ ਦੀ ਅੱਜ ਬੀਬੀਆਂ ਸੰਭਾਲਣਗੀਆਂ ਕਮਾਨ : The Tribune India

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚਿਆਂ ਦੀ ਅੱਜ ਬੀਬੀਆਂ ਸੰਭਾਲਣਗੀਆਂ ਕਮਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚਿਆਂ ਦੀ ਅੱਜ ਬੀਬੀਆਂ ਸੰਭਾਲਣਗੀਆਂ ਕਮਾਨ

ਅੰਮ੍ਰਿਤਸਰ ਵਿੱਚ ਧਰਨੇ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਸਰਕਾਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 30 ਨਵੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਅੱਜ ਪੰਜਵੇਂ ਦਿਨ ਵੀ ਜਾਰੀ ਰਹੇ|

ਕਿਸਾਨ ਮੰਗਾਂ ਸਬੰਧੀ ਇਹ ਧਰਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਏ ਹੇਠ ਲਾਏ ਗਏ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਚੇ ਵਿੱਚ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵਧ ਰਹੀ ਹੈ ਅਤੇ ਮੋਰਚਾ ਇਖਲਾਕੀ ਰੂਪ ਵਿੱਚ ਜਿੱਤ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਿਆਨ ਸੀ ਕਿ ਜਥੇਬੰਦੀਆਂ ਸੜਕਾਂ ਰੋਕਣ ਦੀ ਜਗ੍ਹਾ ਆਪਣੀਆਂ ਮੰਗਾਂ ਲਈ ਡੀਸੀ ਦਫਤਰਾਂ ਅਤੇ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ, ਪਰ ਹੁਣ ਜਦੋਂ ਕਿਸਾਨ ਜਥੇਬੰਦੀ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਹੈ ਅਤੇ ਇਹ ਧਰਨਾ ਪੰਜਵੇਂ ਦਿਨ ’ਚ ਦਾਖਲ ਹੋ ਗਿਆ ਹੈ ਤਾਂ ਵੀ ਸਰਕਾਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਭੱਜ ਰਹੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਰਕਾਰ ਦਾ ਧਰਨਿਆਂ ਪ੍ਰਤੀ ਅਸਲ ਰਵੱਈਆ ਕੀ ਹੈ ਅਤੇ ਪਹਿਲੇ ਬਿਆਨ ਸਿਰਫ ਲੋਕਾਂ ਦੀ ਮੁਸ਼ਕਿਲ ਦੇ ਨਾਮ ’ਤੇ ਸਿਆਸਤ ਕਰਨਾ ਸੀ| ਆਗੂਆਂ ਨੇ ਕਿਹਾ ਪਹਿਲੀ ਦਸੰਬਰ ਨੂੰ ਪੰਜਾਬ ਭਰ ਵਿੱਚ ਚਲਦੇ ਮੋਰਚਿਆਂ ਵਿੱਚ ਔਰਤਾਂ ਦੇ ਵੱਡੇ ਇੱਕਠ ਕੀਤੇ ਜਾਣਗੇ। ਬੀਬੀਆਂ ਦਿੱਲੀ ਮੋਰਚੇ ਵਾਂਗ ਇਨ੍ਹਾਂ ਮੋਰਚਿਆਂ ਵਿੱਚ ਵੀ ਵੱਡਾ ਯੋਗਦਾਨ ਪਾ ਰਹੀਆਂ ਹਨ| ਕਿਸਾਨ ਮਜ਼ਦੂਰ ਆਗੂਆਂ ਨੇ ਸਰਕਾਰ ਵੱਲੋਂ ਦਿੱਤੇ ਜਾਂਦੇ ਸਸਤੇ ਰਾਸ਼ਨ ਵਿੱਚ ਕੀਤੀ ਗਈ ਕਟੌਤੀ ਨੂੰ ਗਰੀਬ ਲੋਕਾਂ ਦੇ ਅਧਿਕਾਰ ’ਤੇ ਹਮਲਾ ਕਰਾਰ ਦਿਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਦਲਵੀਆਂ ਫਸਲਾਂ ਵੀ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦੀਆਂ ਜਾਣ, ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਬਾਰਿਸ਼ ਦੇ ਪਾਣੀ ਦੇ ਧਰਤੀ ਹੇਠ ਰਿਸਾਵ ਕਰ ਕੇ ਧਰਤੀ ਹੇਠਲੇ ਪਾਣੀ ਦੀ ਮੁੜ ਭਰਾਈ ਲਈ ਠੋਸ ਨੀਤੀ ਤਿਆਰ ਕਰ ਕੇ ਲਾਗੂ ਕੀਤੀ ਜਾਵੇ ਅਤੇ ਐੱਸਵਾਈਐੱਲ ਮੁੱਦੇ ਦਾ ਹੱਲ ਕੌਮਾਂਤਰੀ ਰਿਪੇਰੀਅਨ ਕਾਨੂੰਨ ਮੁਤਾਬਕ ਕੱਢਿਆ ਜਾਵੇ| ਅੱਜ ਦੇ ਇਸ ਧਰਨੇ ਨੂੰ ਗੁਰਤੇਜ ਸਿੰਘ ਜਠੌਲ, ਗੁਰਦਾਸ ਸਿੰਘ, ਜਸਮੀਤ ਸਿੰਘ ਰਣੀਆਂ, ਕੁਲਵੰਤ ਸਿੰਘ ਕੱਕੜ, ਕੁਲਜੀਤ ਸਿੰਘ, ਗੁਰਦੇਵ ਸਿੰਘ, ਕੁਲਬੀਰ ਸਿੰਘ ਲੋਪੋਕੇ ਆਦਿ ਨੇ ਸੰਬੋਧਨ ਕੀਤਾ।

ਜਲੰਧਰ (ਪਾਲ ਸਿੰਘ ਨੌਲੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀਸੀ ਦਫ਼ਤਰ ਜਲੰਧਰ ਅੱਗੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਅੱਜ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਜੱਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਲੱਗੇ ਧਰਨੇ ਨੂੰ ਪੰਜ ਦਿਨ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਿਸੇ ਵੀ ਅਧਿਕਾਰੀ ਨੇ ਠੰਢ ਵਿੱਚ ਠਰਦੇ ਕਿਸਾਨਾਂ ਦੀ ਸਾਰ ਨਹੀਂ ਲਈ। ਇਸ ਨਾਲ ਪੰਜਾਬ ਸਰਕਾਰ ਦੇ ਝੂਠ ਦਾ ਮੁਖੌਟਾ ਵੀ ਉਤਰ ਚੁੱਕਾ ਹੈ ਜਿਹੜੀ ਆਪਣੇ ਆਪ ਨੂੰ ਕਿਸਾਨੀ ਦੀ ਹਿਤੈਸ਼ੀ ਦੱਸਦੀ ਨਹੀਂ ਥੱਕਦੀ। ਉਨ੍ਹਾਂ ਕਿਹਾ ਕਿ ਛੇਵੇਂ ਦਿਨ ਦਾ ਮੋਰਚਾ ਮਾਈ ਭਾਗੋ ਦੀਆਂ ਵਾਰਿਸਾਂ ਸੰਭਾਲਣਗੀਆਂ। ਇਸ ਮੌਕੇ ਜਰਨੈਲ ਸਿੰਘ ਰਾਮੇ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਲਵਪ੍ਰੀਤ ਸਿੰਘ ਕੋਟਲੀ, ਜ਼ਿਲ੍ਹਾ ਖ਼ਜ਼ਾਨਚੀ ਜਗਦੀਸ਼ ਪਾਲ ਸਿੰਘ ਖ਼ਾਲਸਾ ਚੱਕ ਬਾਹਮਣੀਆਂ, ਸੁਖਦੇਵ ਸਿੰਘ ਟੁਰਨਾਂ, ਨਰਾਜਿੰਦਰ ਸਿੰਘ ਨੰਗਲ ਅੰਬੀਆਂ ਆਦਿ ਕਿਸਾਨ ਆਗੂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All