ਹੋਟਲ ਦੇ ਕਮਰੇ ’ਚੋਂ ਔਰਤ ਦੀ ਲਾਸ਼ ਮਿਲੀ
ਗੋਲਡਨ ਟੈਂਪਲ ਨੇੜੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਇੱਕ ਦਿਨ ਬਾਅਦ ਪੁਲੀਸ ਨੇ ਲਾਪਰਵਾਹੀ ਅਤੇ ਨਿਯਮਾਂ ਦੀ ਉਲੰਘਣਾ ਲਈ ਹੋਟਲ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਇਸ ਸਬੰਧ ਵਿੱਚ ਥਾਣਾ ਬੀ...
ਗੋਲਡਨ ਟੈਂਪਲ ਨੇੜੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਇੱਕ ਦਿਨ ਬਾਅਦ ਪੁਲੀਸ ਨੇ ਲਾਪਰਵਾਹੀ ਅਤੇ ਨਿਯਮਾਂ ਦੀ ਉਲੰਘਣਾ ਲਈ ਹੋਟਲ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਇਸ ਸਬੰਧ ਵਿੱਚ ਥਾਣਾ ਬੀ ਡਿਵੀਜ਼ਨ ਵਿੱਚ ਧਾਰਾ 105 ਅਤੇ 223 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਤਮੰਨਾ ਉਰਫ਼ ਮੋਨਿਕਾ ਵਜੋਂ ਹੋਈ ਹੈ, ਜੋ ਗੁਰੂ ਨਾਨਕਪੁਰਾ, ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਪੁਲੀਸ ਨੇ ਕਿਹਾ ਕਿ ਉਹ ਪੋਸਟ ਆਫਿਸ ਚੌਕ ਦਨੇੜੇ ਸਥਿਤ ਹੋਟਲ ਵਿੱਚ ਅਣਪਛਾਤੇ ਵਿਅਕਤੀ ਨਾਲ ਆਈ ਸੀ। ਉਸਦੀ ਮੌਤ ਦੀ ਜਾਣਕਾਰੀ 31 ਮਾਰਚ ਨੂੰ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮਾਂ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ। ਹੋਟਲ ਦੇ ਰਿਕਾਰਡ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਮੈਨੇਜਰ ਸੁਖਚੈਨ ਸਿੰਘ, ਜੋ ਕਿ ਅੰਮ੍ਰਿਤਸਰ (ਦਿਹਾਤੀ) ਦੇ ਭਰੋਪਾਲ ਪਿੰਡ ਦਾ ਵਸਨੀਕ ਹੈ, ਨੇ ਕਥਿਤ ਤੌਰ ’ਤੇ ਸਹੀ ਦਸਤਾਵੇਜ਼ਾਂ ਦੀ ਤਸਦੀਕ ਕੀਤੇ ਬਿਨਾਂ ਇੱਕ ਕਮਰਾ ਅਲਾਟ ਕੀਤਾ ਸੀ। ਇਸ ਕੁਤਾਹੀ ’ਤੇ ਪੁਲੀਸ ਨੇ ਮਾਮਲੇ ਵਿੱਚ ਧਾਰਾ 223 ਬੀ ਐੱਨ ਐੱਸ ਜੋੜ ਦਿੱਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਡਿਵੀਜ਼ਨ ਬੀ ਦੇ ਐੱਸ ਐੱਚ ਓ ਬਲਜਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨਾਲ ਗਏ ਅਣਪਛਾਤੇ ਵਿਅਕਤੀ ਦੀ ਪਛਾਣ ਕਰਨ ਅਤੇ ਉਸਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਹੋਟਲ ਦੇ ਕਮਰੇ ਵਿੱਚ ਔਰਤ ਦੇ ਨਾਲ ਆਏ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਬਾਰੇ ਸੁਰਾਗ ਲੱਭਣ ਲਈ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਸਕੈਨ ਕਰ ਰਹੀ ਹੈ।

