ਪੱਤਰ ਪ੍ਰੇਰਕ
ਪਠਾਨਕੋਟ, 28 ਮਈ
ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਵੱਲੋਂ ਸੁਜਾਨਪੁਰ ਕਮਿਊਨਿਟੀ ਹਾਲ ਵਿੱਚ ਪਲੇਠਾ ਸਮਾਗਮ ਪ੍ਰਧਾਨ ਅਨੁਰਾਧਾ ਬਾਲੀ ਦੀ ਅਗਵਾਈ ਵਿੱਚ ਕੀਤਾ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵੱਜੋਂ ਅਤੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਸੁਜਾਨਪੁਰ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਕਿਸੇ ਵੀ ਤਰ੍ਹਾਂ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਇਲਾਵਾ ਪੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ, ਮਾਝਾ ਜੋਨ ਦੇ ਮੁਖੀ ਗੁਰਦੇਵ ਸਿੰਘ ਲਾਖਨਾ, ਲੋਕ ਸਭਾ ਹਲਕਾ ਇੰਚਾਰਜ ਰਾਜੀਵ ਸ਼ਰਮਾ, ਡਾ. ਅਨਿਲ ਭਾਰਦਵਾਜ, ਸੌਰਭ ਬਹਿਲ ਵੀ ਸ਼ਾਮਲ ਹੋਏ। ਜ਼ਿਰਕਯੋਗ ਹੈ ਕਿ ਸੁਜਾਨਪੁਰ ਨਗਰ ਕੌਂਸਲ ਪ੍ਰਧਾਨ ਅਨੂਰਾਧਾ ਬਾਲੀ ਸਮੇਤ ਸੱਤ ਕੌਂਸਲਰ 24 ਤਰੀਕ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਤਰ੍ਹਾਂ ਨਾਲ ਸੁਜਾਨਪੁਰ ਦੀ ਨਗਰ ਕੌਂਸਲ ਉਪਰ ਆਮ ਆਦਮੀ ਪਾਰਟੀ ਦਾ ਪੂਰਨ ਰੂਪ ਵਿੱਚ ਕਬਜ਼ਾ ਹੋ ਗਿਆ ਸੀ, ਅੱਜ ਉਸ ਦਾ ਪਲੇਠਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਮਨਹਾਸ ਨੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਮੂਹਰੇ ਸੁਜਾਨਪੁਰ ਬੱਸ ਅੱਡੇ, ਰੇਲਵੇ ਫਾਟਕ ਅਤੇ ਨਗਰ ਦੀਆਂ ਹੋਰ ਸਮੱਸਿਆਵਾਂ ਉਜਾਗਰ ਕੀਤੀਆਂ। ਇਸੇ ਦੌਰਾਨ ਪ੍ਰਜਾਪਤ ਬਰਾਦਰੀ ਦੇ ਪ੍ਰਧਾਨ ਮੋਹਨ ਲਾਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।