ਐਨਪੀ ਧਵਨ
ਪਠਾਨਕੋਟ, 22 ਸਤੰਬਰ
ਇੱਥੋਂ ਨੇੜਲੇ ਪਿੰਡ ਜੈਨੀ ਉਪਰਲੀ ਦੇ ਦੋ ਬਜ਼ੁਰਗ ਮੋਬਾਈਲ ਟਾਵਰ ’ਤੇ ਚੜ੍ਹ ਗਏ। ਦੋਵਾਂ ਬਜ਼ੁਰਗਾਂ ਦੀ ਉਮਰ ਕਰੀਬ 75 ਸਾਲ ਹੈ। ਬਜ਼ੁਰਗਾਂ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਜੈਨੀ ਦੇ ਟਾਵਰ ’ਤੇ ਚੜ੍ਹਨ ਨਾਲ ਪੂਰੇ ਇਲਾਕੇ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਮਲਾ ਜ਼ਮੀਨ ਦੀ ਨਿਸ਼ਾਨਦੇਹੀ ਦਾ ਦੱਸਿਆ ਜਾ ਰਿਹਾ ਹੈ। ਦੋਵੇਂ ਬਜ਼ੁਰਗ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਪਿਛਲੇ 14 ਦਿਨਾਂ ਤੋਂ ਦਿਨ-ਰਾਤ ਸੁਜਾਨਪੁਰ ਵਿੱਚ ਪਟਵਾਰਖਾਨੇ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਸਨ। ਉਨ੍ਹਾਂ ਦੀ ਸੁਣਵਾਈ ਨਾ ਹੋਣ ’ਤੇ ਉਹ ਅੱਜ ਸਵੇਰੇ ਛੋਟੇਪੁਰ ਵਿੱਚ ਮੋਬਾਈਲ ਟਾਵਰ ’ਤੇ ਚੜ੍ਹ ਗਏ। ਸੂਚਨਾ ਮਿਲਣ ’ਤੇ ਡੀਐੱਸਪੀ ਰਾਜਿੰਦਰ ਮਨਹਾਸ, ਸੁਜਾਨਪੁਰ ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼, ਕਾਨੂੰਗੋ ਅਨਿਲ ਕੁਮਾਰ, ਪਟਵਾਰੀ ਰਾਜ ਰਮਨ ਅਤੇ ਹੋਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਤੇ ਉਨ੍ਹਾਂ ਨੂੰ ਥੱਲੇ ਲਿਆਉਣ ਲਈ ਕੋਸ਼ਿਸ਼ਾਂ ਕਰਨ ਲੱਗੇ।
ਪਿੰਡ ਦੇ ਕਿਸਾਨਾਂ ਕਸ਼ਮੀਰ ਸਿੰਘ, ਹਰਬੰਸ ਸਿੰਘ, ਸੰਤੋਸ਼ ਸਿੰਘ, ਸਵਰਨ ਸਿੰਘ, ਸਰਦੂਲ ਸਿੰਘ, ਮੋਹਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ 250 ਏਕੜ ਜ਼ਮੀਨ ਨੂੰ ਜੋ ਰਸਤਾ ਜਾਂਦਾ ਹੈ, ਉਸ ’ਤੇ ਕਿਸੇ ਵੱਲੋਂ ਕਬਜ਼ਾ ਕੀਤਾ ਹੋਇਆ ਹੈ। ਇਸ ਕਰ ਕੇ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਟਰੈਕਟਰ ਆਦਿ ਲੈ ਕੇ ਜਾਣ ਲਈ ਪ੍ਰੇਸ਼ਾਨੀ ਹੁੰਦੀ ਹੈ। ਇਸ ਕਰ ਕੇ ਉਨ੍ਹਾਂ ਨੂੰ ਫ਼ਸਲ ਦੀ ਬਿਜਾਈ ਕਰਨ ਵੇਲੇ ਵੀ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਅਜੇ ਤੱਕ ਇਸ ਕਬਜ਼ੇ ਨੂੰ ਹਟਾਇਆ ਨਹੀਂ ਗਿਆ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।
ਇਸ ਸਬੰਧੀ ਤਹਿਸੀਲਦਾਰ ਲਛਮਣ ਸਿੰਘ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਮੌਕੇ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਜੋ ਬਜ਼ੁਰਗ ਟਾਵਰ ’ਤੇ ਚੜ੍ਹੇ ਹਨ, ਉਨ੍ਹਾਂ ਦੀ ਨਿਸ਼ਾਨਦੇਹੀ ਪਹਿਲਾਂ ਹੀ ਕਰ ਦਿੱਤੀ ਗਈ ਸੀ। ਜਿਸ ਜ਼ਮੀਨ ਵਿੱਚ ਫ਼ਸਲ ਬੀਜੀ ਹੋਈ ਹੈ, ਉਸ ਵਿੱਚ ਜ਼ਮੀਨ ਮਾਪਣ ਲਈ ਫੀਤਾ ਨਹੀਂ ਨਿਕਲਦਾ ਜਿਸ ਕਾਰਨ ਉਸ ਦੀ ਨਿਸ਼ਾਨਦੇਹੀ ਕਰਨਾ ਔਖਾ ਹੈ। ਇਸ ਬਾਰੇ ਜਾਣਦੇ ਹੋਣ ਦੇ ਬਾਵਜੂਦ ਬਜ਼ੁਰਗ ਟਾਵਰ ’ਤੇ ਚੜ੍ਹ ਗਏ ਹਨ।