ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਹਲਕੇ ਦੇ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਕਰੀਬ 3 ਕਰੋੜ 1 ਲੱਖ ਰੁਪਏ ਦੀ ਲਾਗਤ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ| ਇਸ ਮੌਕੇ ਉਨ੍ਹਾਂ ਦੱਸਿਆ ਪਿੰਡ ਜਾਗੋਵਾਲ ਬੇਟ ਤੋਂ ਕਿਸ਼ਨਪੁਰ-ਧਾਵੇ ਦੀ ਸੜਕ (ਲੰਬਾਈ 4.15 ਕਿਲੋਮੀਟਰ) ਲਾਗਤ 1 ਕਰੋੜ 3 ਲੱਖ ਰੁਪਏ, ਸ਼ਾਲਾ ਚੱਕ ਸ਼ਰੀਫ ਰੋਡ ਤੋਂ ਡੇਰੇ ਪੀਰੋ ਲੰਗੇ ਦੀ ਸੜਕ (ਲੰਬਾਈ 5.39 ਕਿਲੋਮੀਟਰ) ਲਾਗਤ 82 ਲੱਖ ਰੁਪਏ, ਪਸਵਾਲ ਤੋਂ ਜਾਗੋਵਾਲ ਦੀ ਸੜਕ (ਲੰਬਾਈ 2.49 ਕਿਲੋਮੀਟਰ) ਲਾਗਤ 61 ਲੱਖ ਰੁਪਏ ਅਤੇ ਸ਼ਾਲਾ ਚੱਕ ਸ਼ਰੀਫ ਤੋਂ ਦਾਰਾਪੁਰ ਦੀ ਸੜਕ (ਲੰਬਾਈ 2.68 ਕਿਲੋਮੀਟਰ) 55 ਲੱਖ ਰੁਪਏ ਨਾਲ ਬਣ ਕੇ ਤਿਆਰ ਹੋਣਗੀਆਂ| ਸ੍ਰੀ ਸੇਖਵਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵਿਕਾਸ ਕੰਮ ਜਾਰੀ ਹਨ, ਜਿਸ ਤਹਿਤ ਕਾਦੀਆਂ ਹਲਕੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿੱਚ ਸੜਕ ਬਣਾਉਣ ਦੇ ਕੰਮ ਚੱਲ ਰਹੇ ਹਨ| ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦਾ ਨਵੀਨੀਕਰਨ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਟੇਡੀਅਮ ਬਣਾਉਣ, ਡੇਰਿਆਂ ਦੇ ਰਸਤੇ ਪੱਕੇ ਕਰਨ ਸਣੇ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ| ਉਨ੍ਹਾਂ ਕਿਹਾ ਹਲਕਾ ਕਾਦੀਆਂ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਉਹ ਖੁਦ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰ ਰਹੇ ਹਨ|
ਕਲਸੀ ਨੇ ਅਵਾਣ ’ਚ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ
ਬਟਾਲਾ (ਦਲਬੀਰ ਸੱਖੋਵਾਲੀਆ): ‘ਆਪ’ ਦੇ ਸੂਬਾਈ ਉਪ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਅੱਜ ਬਟਾਲਾ-ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੋਂ ਅਵਾਣ ਤੱਕ ਦੀ 18 ਫੁੱਟ ਲਿੰਕ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੰਡੀ ਬੋਰਡ ਦੇ ਐੱਸ ਈ ਬਲਦੇਵ ਸਿੰਘ ਤੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ’ਤੇ ਵਿਧਾਇਕ ਕਲਸੀ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਨਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਵਿਕਾਸ ਕੰਮ ਜਾਰੀ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਹਲਕੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਬਣਾਉਣ ਦੇ ਕੰਮ ਚੱਲ ਰਹੇ ਹਨ। ਇਸ ਮੌਕੇ ਜ਼ਿਲਾ ਪਰਿਸ਼ਦ ਮੈਂਬਰ ਮਨਦੀਪ ਗਿੱਲ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਪਿੰਡਾਂ ਵਾਲਿਆਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ।

