ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਮਾਰਚ ਕੱਢਿਆ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਰਾਹੀਂ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਸੰਸਦ ਮੈਂਬਰ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਭਰਾ ਨੂੰ ਇਹ ਮੰਗ ਪੱਤਰ ਪ੍ਰਾਪਤ ਕੀਤਾ। ਕਿਸਾਨ ਕਚਿਹਰੀ ਨੇੜੇ ਇਕੱਠੇ ਹੋਏ ਅਤੇ ਸੰਸਦ ਮੈਂਬਰ ਦੇ ਦਫ਼ਤਰ ਤੱਕ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਜੀਪਾਂ ਰਾਹੀਂ ਮਾਰਚ ਕੱਢਿਆ। ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਾ ਕਰਨ ਖ਼ਿਲਾਫ਼ ਘੋਲ ਦੇ ਅਗਲਾ ਪੜਾਅ ਵਿੱਢਿਆ ਜਾਵੇਗਾ।
ਸੰਯੁਕਤ ਮੋਰਚੇ ਦੇ ਆਗੂ ਲੱਖਬੀਰ ਸਿੰਘ ਨਿਜਾਮਪੁਰ, ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਧੰਨਵਤ ਸਿੰਘ ਖਤਰਾਏਕਲਾਂ, ਬਲਬੀਰ ਸਿੰਘ ਮੂਧਲ ਅਤੇ ਸ਼ਵਿੰਦਰ ਸਿੰਘ ਮੀਰਾਂਕੋਟ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨੀ ਮੰਗਾਂ ਸਬੰਧੀ ਟਾਲ-ਮਟੋਲ ਵਾਲੀ ਨੀਤੀ ਜਾਰੀ ਰੱਖੀ ਤਾਂ ਉਸ ਖ਼ਿਲਾਫ਼ ਜਨਤਕ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਜਾਂ ਸੰਸਦ ਮੈਂਬਰ ਨੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਆਵਾਜ਼ ਨਾ ਉਠਾਈ ਤਾਂ ਉਨ੍ਹਾਂ ਦੇ ਜਨਤਕ ਸਮਾਗਮਾਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਬਲਵਿੰਦਰ ਸਿੰਘ, ਬਲਕਾਰ ਸਿੰਘ ਦੁਧਾਲਾ, ਕੁਲਵੰਤ ਸਿੰਘ ਮੱਲੂ ਨੰਗਲ, ਸਤਿਨਾਮ ਸਿੰਘ ਝੰਡੇਰ, ਸ਼ਮਸੇਰ ਸਿੰਘ ਹੇਰ, ਕਰਨੈਲ ਸਿੰਘ ਨਵਾਂ ਪਿੰਡ, ਕਾਬਲ ਸਿੰਘ ਛੀਨਾ, ਹਰਿੰਦਰ ਸਿੰਘ ਲਾਲੀ, ਬਲਬੀਰ ਸਿੰਘ ਗੁਮਾਨਪੁਰ, ਬੇਅੰਤ ਸਿੰਘ ਤੇ ਸੁੱਖਰਾਜ ਸਿੰਘ ਸਰਕਾਰੀਆ ਹਾਜ਼ਰ ਸਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ‘ਤੇ ਪੂਰਾ ਨਾ ਉਤਰਨ ‘ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦੋਆਬਾ ਖੇਤਰ ਦੀਆਂ ਜਥੇਬੰਦੀਆਂ ਦਾ ਵਫ਼ਦ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਪੁੱਜਿਆ ਤੇ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਆਗੂ ਨੇ ਦੱਸਿਆ ਕਿ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ।
ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥ ਕਮਿਸ਼ਨ ਦੀਆਂ ਸਿਫ਼ਾਰਸ਼ਾ ਦੇ ਆਧਰੇ ‘ਤੇ ਸੀ2+ 50 ਪ੍ਰਤੀਸ਼ਤ ਫਾਰਮੂਲੇ ਦੇ ਅਨੁਸਾਰ ਸਾਰੀਆਂ ਫ਼ਸਲਾਂ ਲਈ ਘੱਟੋ-ਘਟ ਸਮਰਥਨ ਮੁੱਲ ‘ਤੇ ਖਰੀਦ ਦੀ ਗਾਰੰਟੀ ਵਾਲਾ ਕਨੂੰਨ ਬਣਾਇਆ ਜਾਵੇ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ, ਲਖੀਮਪੁਰ ਖੀਰੀ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਰੀ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕੀਤਾ ਜਾਵੇ ਤੇ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਭੇਜਿਆ ਜਾਵੇ ਤੇ ਲਖੀਮਪੁਰ ਖੀਰੀ ‘ਚ ਨਿਰਦੋਸ਼ ਕਿਸਾਨਾਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ। ਬਿਜਲੀ ਸੋਧ ਬਿੱਲ 2022 ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਤੇ ਜੇਕਰ ਮੰਗਾਂ ਦੇ ਹੱਕ ਵਿੱਚ ਆਵਾਜ਼ ਨਾ ਬੁਲੰਦ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ ਸਰਪੰਚ, ਮੇਜਰ ਸਿੰਘ, ਹਰਜੀਤ ਸਿੰਘ, ਕੁਲਵਿੰਦਰ ਸਿੰਘ, ਰਣਵੀਰ ਸਿੰਘ, ਜਸਵੰਤ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਕੇਵਲ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਧਿਰਾਂ ਨੇ ਅੱਜ ਇੱਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇਕ ਇਕੱਠ ਕਰਕੇ ਕਿਸਾਨੀ ਮਸਲਿਆਂ ਸਬੰਧੀ ਕੇਂਦਰ ਸਰਕਾਰ ਦੇ ਨਾਂ ‘ਤੇ ਇਕ ਮੰਗ ਪੱਤਰ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਸੌਂਪਿਆ। ਮੰਗ ਪੱਤਰ ਲੋਕ ਸਭਾ ਦੇ ਮੈਂਬਰ ਡਿੰਪਾ ਦੇ ਨਿੱਜੀ ਸਹਾਇਕ ਨੇ ਪ੍ਰਾਪਤ ਕੀਤਾ। ਕਿਸਾਨਾਂ ਨੇ ਸ਼ਹਿਰ ਵਿੱਚ ਇਕ ਮਾਰਚ ਵੀ ਕੱਢਿਆ, ਜਿਸ ਦੀ ਅਗਵਾਈ ਕਿਸਾਨ ਆਗੂ ਤਰਸੇਮ ਸਿੰਘ ਕਲਸੀ, ਬਲਵਿੰਦਰ ਸਿੰਘ ਸਖੀਰਾ ਅਤੇ ਰੇਸ਼ਮ ਸਿੰਘ ਨੇ ਕੀਤੀ|
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਲਖਵਿੰਦਰ ਸਿੰਘ ਫਤਿਆਬਾਦ, ਸੁਖਦੇਵ ਸਿੰਘ ਮਾਣੋਚਾਹਲ, ਜਸਵਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਮੱਲਾ, ਹਰਜੀਤ ਸਿੰਘ ਰਵੀ, ਨਛੱਤਰ ਸਿੰਘ ਮੁਗ਼ਲਚੱਕ ਪੰਨੂੰਆਂ, ਮੁਖਤਾਰ ਸਿੰਘ ਮੱਲਾ, ਪਰਮਜੀਤ ਸਿੰਘ ਗਦਾਈਕੇ, ਬਲਬੀਰ ਸਿੰਘ ਝਾਮਕਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦਿੱਲੀ ਮੋਰਚਾ ਖਤਮ ਕਰਨ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਅੱਜ ਤੱਕ ਵੀ ਪੂਰੇ ਨਾ ਕਰਨ ਦੀ ਨਿਖੇਧੀ ਕੀਤੀ।
ਕਿਸਾਨਾਂ ਵੱਲੋਂ ਸਨੀ ਦਿਓਲ ਦੇ ਦਫ਼ਤਰ ਅੱਗੇ ਪ੍ਰਦਰਸ਼ਨ
ਪਠਾਨਕੋਟ (ਐੱਨਪੀ ਧਵਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਨੇ ਸੰਸਦ ਮੈਂਬਰ ਸਨੀ ਦਿਓਲ ਦੇ ਪਠਾਨਕੋਟ ਸਥਿਤ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਦੇ ਪੀਏ ਪੰਕਜ ਜੋਸ਼ੀ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਸਾਰੇ ਕਿਸਾਨੀ ਕਰਜ਼ਿਆਂ ਉਪਰ ਲਕੀਰ ਮਾਰੀ ਜਾਵੇ, ਲਖੀਮਪੁਰ ਖੀਰੀ ਦੇ ਦੋਸ਼ੀ ਮੁੱਖ ਸਾਜਿਸ਼ਕਰਤਾ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ, ਨਿਰਦੋਸ਼ ਕਿਸਾਨਾਂ ਵਿਰੁੱਧ ਝੂਠੇ ਪਰਚੇ ਵਾਪਸ ਲਏ ਜਾਣ, ਬਿਜਲੀ ਸੋਧ ਬਿਲ 2022 ਵਾਪਸ ਲਿਆ ਜਾਵੇ, ਕੁਦਰਤੀ ਆਫਤਾਂ ਸੋਕੇ, ਹੜਾਂ ਫਸਲੀ ਬੀਮਾਰੀਆਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਦਰਮਿਆਨੇ, ਛੋਟੇ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ 10,000 ਰੁਪਏ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂਆਂ ਵਿੱਚ ਬਲਵੰਤ ਘੋਹ, ਰਘਬੀਰ ਸਿੰਘ ਧਲੌਰੀਆਂ, ਨਿਰੰਜਨ ਸਿੰਘ, ਦਰਸ਼ਨ ਸਿੰਘ, ਬਾਲਕਿਸ਼ਨ, ਰਣਜੀਤ ਸਿੰਘ, ਰਜਨਦੀਪ ਸਿੰਘ, ਬੋਧ ਰਾਜ ਸੈਨੀ, ਮਦਨ ਲਾਲ ਅਤੇ ਹੰਸ ਰਾਜ ਹਾਜ਼ਰ ਸਨ।
ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਲਈ ਰਵਾਨਾ
ਚੇਤਨਪੁਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਚੰਡੀਗੜ੍ਹ ਗਵਰਨਰ ਹਾਊਸ ਲਈ ਰਵਾਨਾ ਕੀਤਾ ਗਿਆ। ਕਿਸਾਨ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਡਾ. ਨਵਸ਼ਰਨ ਕੌਰ ਵਿਰੁੱਧ ਕੇਂਦਰੀ ਜਾਂਚ ਏਜੰਸੀ ਦੀ ਕਾਰਵਾਈ ਖ਼ਿਲਾਫ਼ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਚੰਡੀਗੜ੍ਹ ਗਵਰਨਰ ਹਾਊਸ ਲਈ ਜ਼ਿਲ੍ਹਾ ਅੰਮ੍ਰਿਤਸਰ ਤੋ ਵੱਡਾ ਕਾਫ਼ਲਾ ਰਵਾਨਾ ਹੋਇਆ।