ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਮਈ
ਇੱਥੇ ਹਾਲ ਗੇਟ ਦੇ ਅੰਦਰ ਬੀਤੀ ਰਾਤ ਗੋਲ ਹੱਟੀ ਚੌਕ ਨੇੜੇ ਨਿਹੰਗ ਪਹਿਰਾਵੇ ਵਿੱਚ ਆਏ ਲਗਪਗ ਦਰਜਨ ਭਰ ਵਿਅਕਤੀਆਂ ਨੇ ਕਥਿਤ ਤੌਰ ‘ਤੇ ਕਈ ਦੁਕਾਨਾਂ ਦੀ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਇਸ ਘਟਨਾ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮੌਕੇ ‘ਤੇ ਦੇਰੀ ਨਾਲ ਪੁੱਜੀ। ਹਾਲਾਂਕਿ ਪੁਲੀਸ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਦੁਕਾਨਦਾਰਾਂ ਅਤੇ ਖੋਖਿਆ ਦੇ ਮਾਲਕਾਂ ਨੇ ਦੋਸ਼ ਲਾਇਆ ਕਿ ਨਿਹੰਗ ਪਹਿਰਾਵੇ ਵਾਲੇ ਵਿਅਕਤੀਆਂ ਕੋਲ ਤਲਵਾਰਾਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਦੁਕਾਨਾਂ ਵਿੱਚ ਭੰਨ-ਤੋੜ ਕੀਤੀ ਅਤੇ ਉਹ ਦੁਕਾਨ ਵਿੱਚ ਰੱਖੀ ਨਕਦੀ ਲੈ ਗਏ ਅਤੇ ਸਾਮਾਨ ਦਾ ਨੁਕਸਾਨ ਕੀਤਾ ਹੈ ।
ਗੋਪਾਲ ਨਗਰ ਇਲਾਕੇ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਹ ਇੱਥੇ ਪਾਨ ਸਿਗਰਟ ਦੀ ਦੁਕਾਨ ਚਲਾਉਂਦਾ ਹੈ। ਉਹ ਰਾਤ ਲਗਪਗ 11.30 ਵਜੇ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਨਿਹੰਗ ਪਹਿਰਾਵੇ ਵਿੱਚ ਲਗਪਗ 20 ਵਿਅਕਤੀ ਉੱਥੇ ਆਏ ਅਤੇ ਤਲਵਾਰਾਂ ਲਹਿਰਾਉਂਦਿਆਂ ਨਾਅਰੇ ਲਗਾਏ। ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੌਕੇ ਤੋਂ ਨਕਦੀ, ਕੋਲਡ ਡਰਿੰਕ ਤੋਂ ਇਲਾਵਾ ਸਿਗਰਟਾਂ ਵੀ ਚੁੱਕ ਲਈਆਂ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ-ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।