UBDC Canal: ਪਾੜ ਪੈਣ ਵਾਲੀ ਥਾਂ ’ਤੇ ਲੀਕੇਜ ਸ਼ੁਰੂ
ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪਈ; ਵਿਭਾਗ ਨੇ ਲੀਕੇਜ ਵਾਲੀ ਥਾਂ ’ਤੇ ਮੁਲਾਜ਼ਮ ਤਾਇਨਾਤ ਕੀਤੇ
ਅੱਪਰ ਬਾਰੀ ਦੁਆਬ ਕਨਾਲ (ਯੂ ਬੀ ਡੀ ਸੀ) ਦਾ ਜਿਹੜਾ ਕੰਢਾ ਕਰੀਬ ਹਫਤੇ ਪਹਿਲਾਂ ਹੀ ਮੁਰੰਮਤ ਕੀਤਾ ਗਿਆ ਸੀ ਉਥੋਂ ਅੱਜ ਲੀਕੇਜ ਹੋਣੀ ਸ਼ੁਰੂ ਹੋ ਗਈ ਹੈ। ਨਹਿਰੀ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੀਕੇਜ ਅੱਜ ਹੀ ਹੋਈ ਹੈ ਜਿਸ ਨੂੰ ਛੇਤੀ ਹੀ ਕੰਟਰੋਲ ਕਰ ਲਿਆ ਜਾਵੇਗਾ। ਇਸ ਹੀ ਥਾਂ ਤੋਂ ਹਫਤਾ ਪਹਿਲਾਂ ਨਹਿਰ ਵਿੱਚ ਗੰਭੀਰ ਪਾੜ ਪੈ ਗਿਆ ਸੀ ਜਿਸ ਨੂੰ ਮੁਰੰਮਤ ਕਰ ਕੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਸੀ। ਜਿਵੇਂ ਹੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਲੀਕੇਜ ਆਈ ਤਾਂ ਉਨ੍ਹਾਂ ਤੁਰੰਤ ਮੌਕੇ ’ਤੇ ਆਪਣੇ ਮੁਲਾਜ਼ਮਾਂ ਨੂੰ ਭੇਜ ਦਿੱਤਾ। ਐਕਸੀਅਨ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਮੌਕੇ ’ਤੇ ਮੁਲਾਜ਼ਮਾਂ ਨੂੰ ਇਸ ਹੋ ਰਹੀ ਲੀਕੇਜ ਨੂੰ ਰੋਕਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਸ ਲੀਕੇਜ ਨੂੰ ਛੇਤੀ ਹੀ ਕਾਬੂ ਕਰ ਲਏ ਜਾਣ ਦੀ ਉਮੀਦ ਹੈ। ਉਧਰ, ਨਹਿਰ ਵਿੱਚ ਪਾਣੀ ਵੀ ਪੂਰਾ ਆ ਰਿਹਾ ਹੈ। ਪ੍ਰਸ਼ਾਸਨ ਪਹਿਲਾਂ ਹੀ ਇਸ ਨਹਿਰ ਦੇ ਕੰਢੇ ਦੇ ਟੁੱਟ ਜਾਣ ਤੋਂ ਭੈਅਭੀਤ ਸੀ ਅਤੇ ਜਿਵੇਂ ਹੀ ਅੱਜ ਲੀਕੇਜ ਹੋਈ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਲੀਕੇਜ ਨੂੰ ਠੀਕ ਕਰਨਾ ਵਿਭਾਗ ਦੇ ਅਧਿਕਾਰੀਆਂ ਲਈ ਜ਼ਰੂਰੀ ਵੀ ਹੈ ਕਿਉਂਕਿ ਇਸ ਥਾਂ ’ਤੇ ਨਹਿਰ ਦਾ ਪਾਣੀ ਰੋਕਣ ਲਈ ਥਾਂ ਨਹੀਂ ਹੈ। ਇਸ ਥਾਂ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਪਹਿਲਾਂ ਟੁੱਟ ਚੁੱਕੇ ਕੰਢੇ ਕਰ ਕੇ ਪਾਣੀ ਭਰਿਆ ਹੋਇਆ ਹੈ।
