ਅਸ਼ੋਕ ਕੁਮਾਰ ਸ਼ਰਮਾ
ਅਜਨਾਲਾ, 25 ਜਨਵਰੀ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਇੱਕ ਜਥਾ ਸੂਬਾ ਆਗੂ ਸੁਖਰਾਜ ਸਿੰਘ ਛੀਨਾ ਦੀ ਅਗਵਾਈ ਹੇਠ ਪਿੰਡ ਹਰਸ਼ਾ ਛੀਨਾ ਤੋਂ ਟਰੈਕਟਰਾਂ ਦਾ ਕਾਫ਼ਲਾ ਲੈ ਕੇ ਦਿੱਲੀ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਛੀਨਾ ਨੇ ਦੱਸਿਆ ਕਿ ਕਿਸਾਨਾਂ ਦਾ ਕਾਲੇ ਕਾਨੂੰਨ ਵਾਪਸ ਕਰਾਉਣ ਲਈ 26 ਜਨਵਰੀ ਨੂੰ ਦਿੱਲੀ ਵਿੱਚ ਕੀਤਾ ਜਾ ਰਿਹਾ ਟਰੈਕਟਰ ਮਾਰਚ ਮਿਸਾਲ ਸਾਬਤ ਹੋਵੇਗਾ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਆਗੂ ਹੁਸ਼ਿਆਰ ਸਿੰਘ ਝੰਡੇਰ ਜ਼ਿਲ੍ਹਾ ਕਮੇਟੀ ਮੈਂਬਰ ਵਿਜੇ ਸ਼ਾਹ ਧਾਰੀਵਾਲ ਮਨਦੀਪ ਸਿੰਘ ਦੀ ਅਗਵਾਈ ਵਿੱਚ 38ਵਾਂ ਜਥਾ ਪਿੰਡ ਝੰਡੇਰ ਤੋਂ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਰਵਾਨਾ ਕੀਤਾ ਗਿਆ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿਆਲਪੁਰ ਤੋਂ ਦਿੱਲੀ ਲਈ ਜਥਾ ਰਵਾਨਾ ਹੋਇਆ। ਸਰਪੰਚ ਰਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਇਹ ਜਥਾ ਦਿੱਲੀ ਵਿੱਚ ਕੀਤੀ ਜਾ ਰਹੀ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਹੈ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਰਿਲਾਇੰਸ ਮੌਲ ਗੜ੍ਹਸ਼ੰਕਰ ਸਾਹਮਣੇ ਗੁਰਦਿਆਲ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਸੂਬਾਈ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਭਲਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਤੋਂ ਸਵੇਰੇ 11 ਵਜੇ ਮੋਟਰਸਾਈਕਲ, ਸਕੂਟਰ ਮਾਰਚ ਬਾਬਾ ਗੁਰਦਿੱਤ ਸਿੰਘ ਪਾਰਕ ਗੜ੍ਹਸ਼ੰਕਰ ਤੱਕ ਕੀਤਾ ਜਾਵੇਗਾ।