ਦਵਿੰਦਰ ਸਿੰਘ ਭੰਗੂ/ਸਿਮਰਤਪਾਲ ਸਿੰਘ ਬੇਦੀ
ਰਈਆ/ਜੰਡਿਆਲਾ ਗੁਰੂ, 26 ਮਈ
‘ਆਪ’ ਸਰਕਾਰ ਪੇਂਡੂ ਖੇਤਰ ਵਿੱਚ ਆਈਟੀ ਸਕਿੱਲ ਸੈਂਟਰ ਸਥਾਪਤ ਕਰਕੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਿੰਬਾਕਾਟ ਕੰਪਨੀ ਟਾਂਗਰਾ ਦੇ ਦਫ਼ਤਰ ਪਹੁੰਚੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕੀਤਾ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸੂਬੇ ਦੇ 12,500 ਪਿੰਡਾਂ ਦਾ ਵਿਕਾਸ ਹੁਣ ਗਲੀਆਂ, ਨਾਲੀਆਂ ਤੇ ਛੱਪੜਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਹਰ ਲੋੜ ਪੂਰੀ ਕਰੇਗੀ। ਉਨ੍ਹਾਂ ਕਿਹਾ ਕੇ ਪਿੰਡਾਂ ਵਿੱਚ ਆਈਟੀ ਸਕਿੱਲ ਸੈਂਟਰ ਬਣਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਇਸ ਮੌਕੇ ਮਨਦੀਪ ਕੌਰ ਟਾਂਗਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕੇ ਜੇਕਰ ਇੱਕ ਪਿੰਡ ਦੀ ਧੀ ਪਿੰਡ ਵਿੱਚ ਬੈਠ ਕੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਈਟੀ ਸੈਂਟਰ ਚਲਾ ਕੇ ਨੌਜਵਾਨਾਂ ਦੀ ਆਮਦਨ ਵਿੱਚ ਵਾਧਾ ਕਰ ਸਕਦੀ ਹੈ ਤਾਂ ਪੰਜਾਬ ਸਰਕਾਰ ਵੀ ਇਸ ਦਿਸ਼ਾ ਵਿੱਚ ਅੱਗੇ ਵੱਧਦੀ ਹੋਈ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਸਿਖਲਾਈ ਦਿਵਾ ਕੇ ਪਿੰਡ-ਪਿੰਡ ਆਈਟੀ ਸੈਂਟਰ ਖੋਲ੍ਹੇਗੀ ਤੇ ਪਿੰਡਾਂ ਵਿੱਚ ਹੀ ਤਕਨੀਕੀ ਪੱਧਰ ਦੇ ਕੰਮ ਕਰਵਾਏ ਜਾਣਗੇ। ਉਨ੍ਹਾਂ ਐੱਨਆਰਆਈ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿੱਚ ਸੈਂਟਰ ਸਥਾਪਤ ਕਰਨ ਵਿੱਚ ਆਪਣਾ ਸਹਿਯੋਗ ਪਾਉਣ।
ਕੈਬਨਿਟ ਮੰਤਰੀ ਨੇ ਮਨਦੀਪ ਕੌਰ ਟਾਂਗਰਾ ਤੇ ਉਸ ਦੇ ਭਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜਿਆ ਸ਼ਾਲ ਅਤੇ ਲੋਈ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸਿੰਬਾਕਾਟ ਕੰਪਨੀ ਦੀ ਮਾਲਕ ਮਨਦੀਪ ਕੌਰ ਟਾਂਗਰਾ ਨੇ ਇਸ ਹੌਸਲਾ-ਅਫ਼ਜ਼ਾਈ ਲਈ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।