Tina Chaudhary Raises Illegal Mining issue: ਨਸ਼ੀਲੇ ਪਦਾਰਥਾਂ ਦੀ ਹੋ ਰਹੀ ਹੈ ਹੋਮ ਡਿਲੀਵਰੀ: ਟੀਨਾ ਚੌਧਰੀ
ਕਾਂਗਰਸੀ ਆਗੂ ਨੇ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੀ ਸ਼ਰ੍ਹੇਆਮ ਵਿਕਰੀ ’ਤੇ ਸਵਾਲ ਚੁੱਕੇ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਤਰਜ਼ਮਾਨ ਅਤੇ ਭੋਆ ਹਲਕੇ ਦੀ ਆਗੂ ਟੀਨਾ ਚੌਧਰੀ ਨੇ ਭੋਆ ਹਲਕੇ ਅੰਦਰ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੀ ਸ਼ਰ੍ਹੇਆਮ ਵਿਕਰੀ ਉੱਪਰ ਪੰਜਾਬ ਸਰਕਾਰ ਦਾ ਧਿਆਨ ਖਿੱਚਿਆ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ’ਚ ਭੋਆ ਹਲਕੇ ਵਿੱਚ ਚੱਲ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਬੀ ਐੱਸ ਐੱਫ ਨਿਯਮਾਂ ਅਨੁਸਾਰ ਕੋਈ ਵੀ ਸਟੋਨ ਕਰੱਸ਼ਰ ਸਰਹੱਦ ਦੇ ਪੰਜ ਕਿਲੋਮੀਟਰ ਘੇਰੇ ਅੰਦਰ ਐੱਨ ਓ ਸੀ ਤੋਂ ਬਿਨਾਂ ਨਹੀਂ ਕੰਮ ਕਰ ਸਕਦਾ ਪਰ ਭੋਆ ਹਲਕੇ ਦੇ ਦਤਿਆਲ, ਫਿਰੋਜ਼ਾ ਅਤੇ ਮੰਝੀਰੀ ਵਰਗੇ ਇਲਾਕਿਆਂ ਵਿੱਚ 25 ਤੋਂ ਵੱਧ ਕਰੱਸ਼ਰ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਈ ਡੀ ਨੇ ਇਸੇ ਹਲਕੇ ਅੰਦਰ 92 ਏਕੜ ਜ਼ਮੀਨ ’ਤੇ ਹੋ ਰਹੀ ਮਾਈਨਿੰਗ ਉੱਪਰ ਵੀ ਛਾਪਾ ਮਾਰਿਆ ਪਰ ਅੱਜ ਤੱਕ ਰਿਪੋਰਟ ਵਿੱਚ ਕਿਸੇ ਵੀ ਮੁਲਜ਼ਮ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਨਸ਼ਿਆਂ ਦੇ ਮੁੱਦੇ ’ਤੇ ਟੀਨਾ ਚੌਧਰੀ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਮਹੀਨਿਆਂ ’ਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਚਾਰ ਸਾਲ ਦਾ ਸਮਾਂ ਹੋ ਚੁੱਕਾ ਹੈ ਅਤੇ ਇਹ ਘਟਣ ਦੀ ਥਾਂ ਹੋਰ ਵਧ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜ਼ਮੈਟੋ ਅਤੇ ਸਵਿਗੀ ਵਾਂਗ ਨਸ਼ੀਲੇ ਪਦਾਰਥਾਂ (ਚਿੱਟੇ) ਦੀ ਹੋਮ ਡਿਲੀਵਰੀ ਹੋ ਰਹੀ ਹੈ। ਗਲੀਆਂ-ਮੁਹੱਲਿਆਂ ਵਿੱਚ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਦੇ ਫੋਨ ਨੰਬਰ ਵੰਡੇ ਜਾ ਰਹੇ ਹਨ। ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਮਾਫ਼ੀਆ ਉਨ੍ਹਾਂ ਦੀਆਂ ਲੱਤਾਂ-ਬਾਹਾਂ ਤੋੜ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ-ਵੱਡੇ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।

