ਅੰਮ੍ਰਿਤਸਰ ’ਚ ਤਿੰਨ ਰੋਜ਼ਾ ਰੰਗਲੇ ਪੰਜਾਬ ਉਤਸਵ ਦਾ ਆਗਾਜ਼
ਪੰਜਾਬ ਦੇ ਸੱਭਿਆਚਾਰ, ਰਹਿਣ-ਸਹਿਣ ਤੇ ਖਾਣ-ਪੀਣ ਨੂੰ ਉਤਸ਼ਾਹਤ ਕਰਨ ਦਾ ਟੀਚਾ: ਈ ਟੀ ਓ
ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮੈਦਾਨ ’ਚ ਤਿੰਨ ਰੋਜ਼ਾ ‘ਰੰਗਲਾ ਪੰਜਾਬ’ ਉਤਸਵ ਅੱਜ ਸ਼ਾਮ ਸ਼ੁਰੂ ਹੋ ਗਿਆ। ਉਤਸਵ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਹੋ ਰਹੇ ਇਸ ਤਿੰਨ ਰੋਜ਼ਾ ‘ਰੰਗਲਾ ਪੰਜਾਬ’ ਉਤਸਵ ਦਾ ਮਕਸਦ ਪੰਜਾਬ ਦੇ ਸੱਭਿਆਚਾਰਕ ਵਿਰਸੇ, ਰਹਿਣ-ਸਹਿਣ ਅਤੇ ਖਾਣ-ਪੀਣ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਤ ਕਰਨਾ ਹੈ। ਰੰਗਲਾ ਪੰਜਾਬ ਉਤਸਵ ਵਿੱਚ ਰੰਗਲੇ ਪੰਜਾਬ ਦੇ ਹਰ ਰੰਗ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬੀ ਸੱਭਿਆਚਾਰ ਦੁਨੀਆਂ ਦੇ ਸਭ ਤੋਂ ਅਮੀਰ ਅਤੇ ਜੀਵੰਤ ਸੱਭਿਆਚਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਵਿਲੱਖਣ ਰਹਿਣ-ਸਹਿਣ, ਖਾਣ-ਪੀਣ, ਲੋਕ ਨਾਚਾਂ (ਭੰਗੜਾ-ਗਿੱਧਾ), ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਦੀਆਂ ਅਮੀਰ ਪ੍ਰਰੰਪ੍ਰਾਵਾਂ ਨਾਲ ਜੋੜਿਆ ਜਾ ਸਕੇ।
ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਮੈਦਾਨ ਵਿੱਚ ਅੱਜ ਸ਼ੁਰੂ ਹੋਇਆ ਇਹ ਰੰਗਲਾ ਪੰਜਾਬ ਉਤਸਵ 1 ਮਾਰਚ ਦੀ ਦੇਰ ਸ਼ਾਮ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੌਰਾਨ ਖ਼ੂਬਸੂਰਤ ਕਰਾਫ਼ਟ ਬਜ਼ਾਰ ਲਾਇਆ ਗਿਆ ਹੈ ਜਿਥੇ ਦੁਕਾਨਦਾਰਾਂ ਵੱਲੋਂ ਸਟਾਲ ਲਗਾ ਕੇ ਰਵਾਇਤੀ ਪੰਜਾਬੀ ਅਤੇ ਹੋਰ ਸਮਾਨ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਤਸਵ ਦੌਰਾਨ ਲਗਾਈ ਜਾਣ ਵਾਲੀ ਫੂਡ ਕੋਰਟ ਵਿੱਚ ਵੱਖ-ਵੱਖ ਪਕਵਾਨਾਂ ਦੇ 30 ਸਟਾਲ ਲਗਾਏ ਗਏ ਹਨ। ਡਾਇਰੈਕਟਰ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੇ ਤਿੰਨੇ ਦਿਨ ਸ਼ਾਮ ਵੇਲੇ ਨੂੰ ਪੰਜਾਬ ਦੇ ਨਾਮੀਂ ਗਾਇਕ ਕਲਾਕਾਰਾਂ ਵੱਲੋਂ ਗਾਇਕੀ ਦੇ ਅਖ਼ਾੜੇ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਗਿੱਧਾ-ਭੰਗੜਾ ਦੀ ਪੇਸ਼ਕਾਰੀ ਦੇਖਣ ਨੂੰ ਮਿਲੇਗੀ। ਉਤਸਵ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਗਾਇਕ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਤੇ ਜੈਜੀ ਬੀ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ। ਉਤਸਵ ਦੌਰਾਨ 28 ਫਰਵਰੀ ਤੇ 1 ਮਾਰਚ ਦੀ ਸ਼ਾਮ ਨੂੰ ਡਰੋਨ ਸ਼ੋਅ ਵੀ ਹੋਵੇਗਾ।ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ, ਵਿਧਾਇਕ ਡਾ ਜਸਬੀਰ ਸਿੰਘ ਸੰਧੂ, ਪਨਸਪ ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

