ਨਾਬਾਲਗ ਨੂੰ ਕਤਲ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 19 ਜੂਨ
ਸਰਹਾਲੀ ਦੀ ਦਾਣਾ ਮੰਡੀ ’ਚ ਤਿੰਨ ਦਿਨ ਪਹਿਲਾਂ ਮੰਗਲਵਾਰ ਨੂੰ ਨਾਬਾਲਗ ਲੜਕੇ ਦੇ ਕਤਲ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਅੱਜ ਸਰਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ| ਇਸ ਸਬੰਧੀ ਸਰਹਾਲੀ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 103, 191 (3), 190 ਅਧੀਨ ਕੇਸ ਪਹਿਲਾਂ ਦਾ ਹੀ ਦਰਜ ਕੀਤਾ ਹੋਇਆ ਹੈ| ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਵਿੱਚੋਂ ਦੋ ਜੂਵੇਨਾਇਲ ਹਨ ਜਿਹੜੇ ਸਰਹਾਲੀ ਦੇ ਹੀ ਵਾਸੀ ਹਨ। ਗ੍ਰਿਫ਼ਤਾਰ ਕੀਤੇ ਗਏ ਤੀਜੇ ਮੁਲਜ਼ਮ ਦੀ ਸ਼ਨਾਖਤ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਗੋਲਣ ਵਾਸੀ ਭਿੱਖੀਵਿੰਡ ਦੇ ਤੌਰ ’ਤੇ ਕੀਤੀ ਗਈ ਹੈ| ਨਾਬਾਲਗ ਲੜਕਾ ਮੰਗਲਵਾਰ ਨੂੰ ਘਰੋਂ ਮਾਰਕੀਟ ਆਇਆ ਸੀ ਜਿੱਥੇ ਉਸ ਨੂੰ ਮੁਲਜ਼ਮਾਂ ਨੇ ਘੇਰ ਲਿਆ ਅਤੇ ਕਿਰਚਾਂ ਤੇ ਦਾਤਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ| ਇਨ੍ਹਾਂ ਦਰਮਿਆਨ ਕਸਬਾ ਸਰਹਾਲੀ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਿਆਂ ਹੀ ਤਕਰਾਰ ਪੈਦਾ ਹੋ ਗਿਆ ਜਿਸ ਦੇ ਚਲਦਿਆਂ ਗੱਲ ਕਤਲ ਤੱਕ ਜਾ ਪੁੱਜੀ| ਐੱਸਐੱਸਪੀ ਨੇ ਕਿਹਾ ਕਿ ਪੁਲੀਸ ਨੇ ਇਸ ਵਾਰਦਾਤ ਪਿੱਛੇ ਕਿਸੇ ਲੜਕੀ ਨਾਲ ਸਬੰਧਾਂ ਦੇ ਹੋਣ ਸਮੇਤ ਹੋਰਨਾਂ ਪੱਖਾਂ ਦੀ ਵੀ ਘੋਖ ਕਰਨੀ ਸ਼ੁਰੂ ਕੀਤੀ ਹੈ| ਮ੍ਰਿਤਕ ਵਾਲੀਬਾਲ ਦਾ ਖਿਡਾਰੀ ਸੀ|