ਅੰਮ੍ਰਿਤਸਰ ਦੇ ਪਾਈਟੈਕਸ ਵਪਾਰ ਮੇਲੇ ਵਿੱਚ ਰੌਣਕਾਂ ਵਧੀਆਂ : The Tribune India

ਅੰਮ੍ਰਿਤਸਰ ਦੇ ਪਾਈਟੈਕਸ ਵਪਾਰ ਮੇਲੇ ਵਿੱਚ ਰੌਣਕਾਂ ਵਧੀਆਂ

ਅੰਮ੍ਰਿਤਸਰ ਦੇ ਪਾਈਟੈਕਸ ਵਪਾਰ ਮੇਲੇ ਵਿੱਚ ਰੌਣਕਾਂ ਵਧੀਆਂ

ਵਪਾਰ ਮੇਲੇ ਵਿੱਚ ਧਾਤੂ ਦੀਆਂ ਕਲਾਕ੍ਰਿਤਾਂ ਦੀ ਕੀਤੀ ਗਈ ਨੁਮਾਇਸ਼। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਦਸੰਬਰ

ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਇਥੇ ਲਗਾਏ ਗਏ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਦੂਜੇ ਦਿਨ ਲੋਕਾਂ ਦੀ ਆਮਦ ਕਾਫੀ ਵਧੀ ਰਹੀ। ਵਪਾਰ ਮੇਲੇ ਵਿਚ ਉੱਦਮੀ ਕਨਕਲੇਵ ਦੌਰਾਨ ਪ੍ਰੋਗਰਾਮ ਵਿੱਚ ਆਈ ਸਿੰਬਾ ਕੁਆਰਟਜ਼ ਦੀ ਸੰਸਥਾਪਕ ਅਤੇ ਸਫਲ ਮਹਿਲਾ ਉੱਦਮੀ ਮਨਦੀਪ ਕੌਰ ਟਾਂਗਰਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਦਾ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਹਿਰਾਂ ਲਈ ਸਰਕਾਰ ਵੱਲੋਂ ਸਕੀਮਾਂ ਐਲਾਨੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਲਈ ਵੀ ਵਿਸ਼ੇਸ਼ ਸਕੀਮਾਂ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਿੱਚ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਆਈਟੀ ਨਾਲ ਜੁੜੇ ਨੌਜਵਾਨ ਨੌਕਰੀ ਕਰਨ ਲਈ ਆਉਂਦੇ ਹਨ ਜਿਨ੍ਹਾਂ ਨੂੰ ਵਧੀਆ ਤਨਖਾਹਾਂ ਦੇ ਕੇ ਕੰਮ ਕਰਵਾਇਆ ਜਾਂਦਾ ਹੈ। ਅਜਿਹਾ ਕਰਨ ਦੇ ਨਾਲ ਪਿੰਡਾਂ ਦਾ ਵੀ ਆਰਥਿਕ ਵਿਕਾਸ ਵੀ ਹੋ ਰਿਹਾ ਹੈ ਕਿਉਂਕਿ ਜੋ ਵੀ ਨੌਜਵਾਨ ਪਿੰਡ ਵਿੱਚ ਆ ਕੇ ਨੌਕਰੀ ਕਰਦੇ ਹਨ, ਉਨ੍ਹਾਂ ਦੇ ਰਹਿਣ ਤੇ ਖਾਣ-ਪੀਣ ਦਾ ਖਰਚਾ ਵੀ ਪਿੰਡਾਂ ਵਿੱਚ ਹੀ ਹੁੰਦਾ ਹੈ। ਇਸ ਨਾਲ ਪਿੰਡਾਂ ਦਾ ਆਰਥਿਕ ਵਿਕਾਸ ਹੁੰਦਾ ਹੈ।

ਇਸੇ ਦੌਰਾਨ ਐੱਮਐੱਸਐੱਮਈ ਦੇ ਡਾਇਰੈਕਟਰ ਵਰਿੰਦਰ ਸ਼ਰਮਾ ਅਤੇ ਸਿਡਬੀ ਦੇ ਡਿਪਟੀ ਜਨਰਲ ਮੈਨੇਜਰ ਤਾਮਿਰ ਹਰਨ ਰਸ਼ਮੀ ਨੇ ਪਾਈਟੈਕਸ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਉਦਯੋਗਪਤੀਆਂ ਨੂੰ ਲਾਭ ਮਿਲਦਾ ਹੈ। ਇਸ ਮੌਕੇ ਹੋਰਨਾਂ ਮਾਹਿਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।

ਅੱਜ ਦੂਜੇ ਦਿਨ ਵਪਾਰ ਮੇਲੇ ਵਿੱਚ ਸ਼ਾਮ ਵੇਲੇ ਰੌਣਕ ਦੇਖਣਯੋਗ ਸੀ। ਲੋਕਾਂ ਨੇ ਜਿਥੇ ਵੱਖ ਵੱਖ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਨੂੰ ਦੇਖਿਆ, ਉਥੇ ਸਾਮਾਨ ਦੀ ਖ਼ਰੀਦੋ-ਫਰੋਖ਼ਤ ਵੀ ਕੀਤੀ ਅਤੇ ਖਾਣ-ਪੀਣ ਵਾਲੇ ਸਟਾਲਾਂ ’ਤੇ ਰੌਕਣ ਹੋਰ ਵੀ ਵਧ ਸੀ।

ਅੰਮ੍ਰਿਤਸਰ ਵਪਾਰ ਮੇਲੇ ’ਚ ਸ਼ਾਮਲ ਕਸ਼ਮੀਰ ਦੀਆਂ ਬੀਬੀਆਂ ਜੇਤੂ ਚਿੰਨ੍ਹ ਬਣਾਉਂਦੀਆਂ ਹੋਈਆਂ। -ਫੋਟੋ: ਵਿਸ਼ਾਲ ਕੁਮਾਰ

ਜੰਮੂ ਕਸ਼ਮੀਰ ਤੋਂ ਪਹੁੰਚੀਆਂ ਉੱਦਮੀ ਮਹਿਲਾਵਾਂ: ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਜੰਮੂ ਕਸ਼ਮੀਰ ਤੋਂ ਵੀ ਮਹਿਲਾ ਉੱਦਮੀ ਪੁੱਜੀਆਂ ਹਨ। ਇਸ ਵਪਾਰ ਮੇਲੇ ਵਿੱਚ ਜੰਮੂ ਕਸ਼ਮੀਰ ਤੋਂ ਲਗਪਗ 70 ਕਾਰੋਬਾਰੀਆਂ ਨੇ ਇਥੇ ਪਹੁੰਚ ਕੇ ਸਟਾਲ ਲਾਏ ਹਨ।

ਪਾਕਿਸਤਾਨ ਤੋਂ ਵੀ ਇਸ ਵਾਰ ਮਹਿਲਾ ਉੱਦਮੀ ਹੀ ਵਪਾਰ ਮੇਲੇ ਵਿੱਚ ਪੁੱਜੀਆਂ ਹਨ। ਕਸ਼ਮੀਰ ਹੈਂਡੀਕ੍ਰਾਫਟ ਹੈਂਡਲੂਮ ਦੇ ਪ੍ਰਚਾਰ ਅਤੇ ਪ੍ਰਦਰਸ਼ਨੀ ਅਧਿਕਾਰੀ ਰਿਆਜ਼ ਅਹਿਮਦ ਕੌਸ ਨੇ ਦੱਸਿਆ ਕਿ ਇਸ ਵਪਾਰ ਮੇਲੇ ਵਿਚ ਕਸ਼ਮੀਰ ਦੇ ਵਪਾਰੀਆਂ ਨੇ ਪਿਛਲੇ ਸਾਲ 20 ਤੇ ਇਸ ਸਾਲ 35 ਸਟਾਲ ਲਗਾਏ ਹਨ। ਇਸੇ ਤਰ੍ਹਾਂ ਜੰਮੂ ਦੇ ਪਿਛਲੀ ਵਾਰ 15 ਸਨ ਤੇ ਇਸ ਸਾਲ 20 ਸਟਾਲ ਹਨ। ਇਸ ਤੋਂ ਇਲਾਵਾ ਜੇਕੇਟੀਪੀਓ ਤੋਂ ਵੀ ਇਸ ਸਾਲ 20 ਸਟਾਲ ਲੱਗੇ ਹਨ।

ਵਪਾਰ ਮੇਲੇ ਵਿੱਚ ਪਹੁੰਚੀ ਸ੍ਰੀਨਗਰ ਦੀ ਸ਼ਹਿਨਾ ਅਖ਼ਤਰ ਆਪਣੇ ਨਾਲ ਦਰਜਨਾਂ ਔਰਤਾਂ ਨੂੰ ਰੁਜ਼ਗਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਕਸ਼ਮੀਰ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਕਸ਼ਮੀਰ ਦੇ ਲੋਕਾਂ ਦੀ ਸੋਚ ਬਦਲ ਰਹੀ ਹੈ। ਸ੍ਰੀਨਗਰ ਤੋਂ ਇੱਥੇ ਪਹੁੰਚੀ ਇਰਫਾਨਾ ਨੇ ਕਿਹਾ ਕਿ ਔਰਤਾਂ ਪ੍ਰਤੀ ਪ੍ਰਚੱਲਤ ਧਾਰਨਾਵਾਂ ਨੂੰ ਬਦਲਣਾ ਲਾਜ਼ਮੀ ਹੈ। ਜਾਣਕਾਰੀ ਅਨੁਸਾਰ ਪੰਜ ਦਿਨ ਚੱਲਣ ਵਾਲੇ ਪਾਈਟੈਕਸ ਵਪਾਰ ਮੇਲੇ ਵਿੱਚ ਇਸ ਵਾਰ 450 ਸਟਾਲ ਲਾ ਹਨ।

ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ: ਨਿੱਝਰ

ਪਾਈਟੈਕਸ ਵਪਾਰ ਮੇਲੇ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖ਼ਿਆਲ ਰੱਖਿਆ ਜਾਵੇਗਾ। ਇਸ ਨੀਤੀ ਨੂੰ ਬਣਾਉਣ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ। ਮੇਲੇ ਵਿੱਚ ਪਹੁੰਚੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਮੱਧ ਦਰਜੇ ਦੇ ਸਨਅਤੀ ਖੇਤਰ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ। ਉਨ੍ਹਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਰਹੱਦੀ ਫਾਸਲੇ ਘਟਦੇ ਹਨ ਤੇ ਕਾਰੋਬਾਰੀ ਸਾਂਝ ਵਧਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All