ਨੌਜਵਾਨ ਨੇ ਪੁਲੀਸ ’ਤੇ ਲਾਏ ਕੁੱਟਮਾਰ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼

ਨੌਜਵਾਨ ਨੇ ਪੁਲੀਸ ’ਤੇ ਲਾਏ ਕੁੱਟਮਾਰ ਅਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼

ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਗੁਰਜੰਟ ਸਿੰਘ ਤੇ ਹੋਰ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ।

ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 6 ਅਗਸਤ 

ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਗੁਰਜੰਟ ਸਿੰਘ ਨੇ ਮਜੀਠਾ ਪੁਲੀਸ ’ਤੇ ਨਾਜਾਇਜ਼ ਤੌਰ ’ਤੇ ਮਾਰਕੁੱਟ ਕਰਨ ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਗੁਰਜੰਟ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਗੁਟਕਾ ਸਾਹਿਬ ਰਾਹੀਂ ਪਾਠ ਕਰ ਰਿਹਾ ਸੀ ਕਿ 20-25 ਪੁਲੀਸ ਮੁਲਾਜ਼ਮ ਉਸ ਦੇ ਘਰ ਆਏ ਤੇ ਉਸ ਨੂੰ ਬਾਹਰ ਬੁਲਾਉਣ ਲੱਗੇ ਜਦੋਂਕਿ ਉਸ ਨੇ ਕਿਹਾ ਕਿ ਉਹ ਪਾਠ ਕਰ ਰਿਹਾ ਹੈ ਤੇ ਪਾਠ ਕਰਨ ਉਪਰੰਤ ਉਨ੍ਹਾਂ ਦੀ ਗੱਲ ਸੁਣ ਲਵੇਗਾ। 

ਉਸ ਨੇ ਦੋਸ਼ ਲਾਇਆ ਕਿ ਇਸ ’ਤੇ ਐੱਸਐੱਚਓ ਤੇ ਬਾਕੀ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਵਕਤ ਉਸ ਦੇ ਹੱਥ ਵਿੱਚ ਗੁਟਕਾ ਸਾਹਿਬ ਸੀ, ਜਿਸ ਨੂੰ ਉਨ੍ਹਾਂ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਗੁਟਕਾ ਸਾਹਿਬ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਲਾਇਆ ਹੋਇਆ ਸੀ, ਜਿਸ ਕਾਰਨ ਉਹ ਗੁਟਕਾ ਸਾਹਿਬ ਨੂੰ ਖੋਹਣ ਵਿੱਚ ਕਾਮਯਾਬ ਨਹੀਂ ਹੋ ਸਕੇ। ਜਦੋਂ ਉਸ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਇਨ੍ਹਾਂ ਦੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਵੀਡੀਓ ਬਣਾਉ ਤਾਂ ਉਹ ਘਰੋਂ ਬਾਹਰ ਨਿਕਲ ਗਏ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਪੁਲੀਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਹ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਸ਼ਿਕਾਇਤ ਦਰਜ ਕਰਵਾਉਣਗੇ।

ਥਾਣਾ ਮਜੀਠਾ ਦੇ ਐੱਸਐੱਚਓ ਕਪਿਲ ਕੋਸ਼ਿਲ ਨੇ ਸਾਰੇ ਦੋਸ਼ ਨਕਾਰ ਦਿੱਤੇ। ਉਨ੍ਹਾਂ ਕਿਹਾ ਕਿ ਮਾਝੇ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਰਨ ਤਿੰਨ ਥਾਣਿਆਂ ਦੀ ਪੁਲੀਸ ਵੱਲੋਂ ਐਕਸਾਈਜ਼ ਮਹਿਕਮੇ ਦੀ ਮਦਦ ਨਾਲ ਸ਼ਰਾਬ ਤਸਕਰਾਂ ਵਿਰੁੱਧ ਛਾਪੇ ਮਾਰੇ ਜਾ ਰਹੇ ਸਨ। ਪੁਲੀਸ ਪਿੰਡ ਕੋਟਲਾ ਗੁੱਜਰਾਂ ਦੇ ਵਸਨੀਕ ਜਸਕਰਨ ਸਿੰਘ ਨੂੰ ਫੜਨ ਲਈ ਗਈ ਸੀ, ਜੋ ਭੱਜ ਕੇ ਗੁਰਜੰਟ ਸਿੰਘ ਦੇ ਘਰ ਜਾ ਵੜਿਆ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਗੁਰਜੰਟ ਸਿੰਘ ਦੇ ਘਰ ਚਲੀ ਗਈ। 

ਉਨ੍ਹਾਂ ਦੋਸ਼ ਲਾਇਆ ਕਿ ਕਿ ਗੁਰਜੰਟ ਸਿੰਘ ਨੇ ਗੁਟਕਾ ਸਾਹਿਬ ਦੀ ਆੜ ਲੈਂਦਿਆਂ ਏਐੱਸਆਈ ਨਿਰਮਲ ਸਿੰਘ ਨੂੰ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਤੇ ਘਰ ਦੀਆਂ ਜਨਾਨੀਆਂ ਤੇ ਬੰਦਿਆਂ ਵੱਲੋਂ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲੀਸ ਪਿੱਛੇ ਹਟ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪੁਲੀਸ ’ਤੇ ਹਮਲਾ ਕਰਨ ਤੇ ਗਾਲੀ ਗਲੋਚ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੋਲ ਸਾਰੀ ਘਟਨਾ ਦੀ ਵੀਡੀਓ  ਮੌਜੂਦ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All