ਝੱਖੜ ਕਾਰਨ ਬਿਜਲੀ ਦੇ ਖੰਭੇ ਤੇ ਦਰੱਖਤ ਡਿੱਗੇ

ਝੱਖੜ ਕਾਰਨ ਬਿਜਲੀ ਦੇ ਖੰਭੇ ਤੇ ਦਰੱਖਤ ਡਿੱਗੇ

ਧਾਰੀਵਾਲ ਨੇੜੇ ਨਹਿਰ ਕਿਨਾਰੇ ਸੜਕ ਕੰਢੇ ਡਿੱਗਾ ਸਿੰਬਲ ਰੁੱਖ ਅਤੇ ਨੁਕਸਾਨੀਆਂ ਖੋਖਾਨੁਮਾ ਦੁਕਾਨਾਂ ਦਾ ਦ੍ਰਿਸ਼।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 6 ਜੁਲਾਈ

ਹਲਕੇ ਅੰਦਰ ਚੱਲੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਥਾਂ ਥਾਂ ਵੱਡੇ ਦਰੱਖਤ ਤੇ ਬਿਜਲੀ ਦੇ ਕਈ ਖੰਭੇ ਡਿੱਗ ਗਏ। ਇਨ੍ਹਾਂ ਡਿੱਗੇ ਦਰੱਖਤਾਂ ਕਾਰਨ ਕਈ ਵੱਡੀਆਂ ਤੇ ਛੋਟੀਆਂ ਸੜਕਾਂ ਜਾਮ ਹੋ ਗਈਆਂ ਅਤੇ ਹਲਕੇ ਦੇ ਲਗਪਗ ਸਾਰੇ ਬਿਜਲੀ ਫੀਡਰਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਬਿਜਲੀ ਮੁਲਾਜ਼ਮ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਦਰੱਖਤਾਂ ਤੇ ਖੰਭਿਆਂ ਨੂੰ ਚੁਕਵਾ ਕੇ ਬਿਜਲੀ ਸਪਲਾਈ ਲਾਈਨਾਂ ਦੀ ਮੁਰੰਮਤ ਕਰਨ ਵਿੱਚ ਰੁੱਝੇ ਹੋਏ ਹਨ ਪਰ ਫਿਰ ਵੀ ਖ਼ਬਰ ਲਿਖੇ ਜਾਣ ਤੱਕ ਹਲਕੇ ਦੇ ਕੁਝ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ। ਹਲਕੀ ਬਾਰਿਸ਼ ਤੋਂ ਬਾਅਦ ਅੱਜ ਹੋਈ ਹੁੰਮਸ ਵਾਲੀ ਗਰਮੀ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕਿਸਾਨ ਜਰਨੈਲ ਸਿੰਘ ਲਾਧੂਪੁਰ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੀ ਵਾਰੀ ਅਨੁਸਾਰ ਅੱਠ ਘੰਟੇ ਨਿਰਵਿਘਨ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਮਿਲਣੀ ਸੀ ਪਰ ਝੱਖੜ ਕਾਰਨ ਪਈ ਖ਼ਰਾਬੀ ਕਾਰਨ ਉਨ੍ਹਾਂ ਨੂੰ ਇਹ ਬਿਜਲੀ ਸਪਲਾਈ ਨਹੀਂ ਮਿਲ ਸਕੀ ਜਿਸ ਕਰ ਕੇ ਉਨ੍ਹਾਂ ਦੀਆਂ ਫ਼ਸਲਾਂ ਸੁੱਕ ਰਹੀਆਂ ਹਨ। ਇਸੇ ਤਰ੍ਹਾਂ ਸੁਆਣੀਆਂ ਹਰਦੀਪ ਕੌਰ ਅਤੇ ਕਮਲਜੀਤ ਕੌਰ  ਨੇ ਦੱਸਿਆ ਕਿ ਘਰਾਂ ਨੂੰ ਬਿਜਲੀ ਸਪਲਾਈ ਬਹੁਤ ਘੱਟ ਮਿਲਣ ਕਾਰਨ ਉਨ੍ਹਾਂ ਨੂੰ ਘਰੇਲੂ ਕੰਮਾਂ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਐੱਸਡੀਓ ਅਮਰਦੀਪ ਸਿੰਘ ਨਾਗਰਾ  ਨੇ ਕਿਹਾ ਕਿ ਬਿਜਲੀ ਸਪਲਾਈ ਲਾਈਨਾਂ ਨੇੜੇ ਆਮ ਲੋਕਾਂ ਨੇ ਬਹੁਤ ਸਾਰੇ ਦਰੱਖਤ ਲਗਾਏ ਹੋਏ ਹਨ। ਤੇਜ਼ ਹਨੇਰੀ ਕਾਰਨ ਇਹ ਦਰੱਖਤ ਅਕਸਰ ਹੀ ਟੁੱਟ ਕੇ ਸਪਲਾਈ ਲਾਈਨਾਂ ਉੱਤੇ ਡਿੱਗ ਕੇ ਵੱਡੇ ਨੁਕਸਾਨ ਦਾ ਕਾਰਨ ਬਣਦੇ ਹਨ। 

ਇਸ ਤੋਂ ਇਲਾਵਾ ਵਿਭਾਗ ਵਿੱਚ ਬਿਜਲੀ ਮੁਲਾਜ਼ਮਾਂ ਦੀ ਭਾਰੀ ਕਿੱਲਤ ਚੱਲ ਰਹੀ ਹੈ ਜਿਸ ਕਾਰਨ ਐਨੇ ਵੱਡੇ ਪੱਧਰ ’ਤੇ ਹੋਏ ਨੁਕਸਾਨ ਨੂੰ ਠੀਕ ਕਰਨ ’ਚ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਕਿਸਾਨਾਂ ਅਤੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਮੁਰੰਮਤ ਦਾ ਕੰਮ ਵੱਡੀਆਂ ਔਕੜਾਂ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਸਿੰਬਲ ਰੁੱਖ ਡਿੱਗਣ ਨਾਲ ਦੁਕਾਨਾਂ ਨੁਕਸਾਨੀਆਂ

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇੱਥੇ ਲੰਘੀ ਰਾਤ ਆਏ ਝੱਖੜ ਦੌਰਾਨ ਮੁੱਖ ਮਾਰਗ ਤੋਂ ਨਹਿਰ ਕਿਨਾਰੇ ਸਬ ਤਹਿਸੀਲ ਅਤੇ ਕਮਿਊਨਿਟੀ ਸਿਹਤ ਕੇਂਦਰ ਧਾਰੀਵਾਲ ਨੂੰ ਜਾਂਦੀ ਸੜਕ ਕਿਨਾਰੇ ਖੋਖਲਾ ਹੋਇਆ ਸਿੰਬਲ ਦੇ ਇਕ ਰੁੱਖ ਡਿੱਗਣ ਕਾਰਨ ਖੋਖਾਨੁਮਾ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਦੁਕਾਨਦਾਰਾਂ ਮੱਖਣ ਅਤੇ ਰੌਕੀ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ੀ ਰੋਟੀ ਕਮਾਉਣ ਲਈ ਨਹਿਰ ਕਿਨਾਰੇ ਸੜਕ ਦੇ ਕੰਢੇ ਖੋਖਾਨੁਮਾ ਦੁਕਾਨਾਂ ਬਣਾਈਆਂ ਹੋਈਆਂ ਸਨ। ਲੰਘੀ ਰਾਤ ਨੂੰ ਅਚਾਨਕ ਆਈ ਤੇਜ਼ ਹਨੇਰੀ ਨਾਲ ਸਿੰਬਲ ਦਾ ਰੁੱਖ ਉਨ੍ਹਾਂ ਦੇ ਖੋਖਿਆਂ ਉੱਪਰ ਡਿੱਗ ਗਿਆ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸ਼ਾਨ ਹੋ ਗਿਆ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਊਨ੍ਹਾਂ ਮੰਗ ਕੀਤੀ ਕਿ ਖੋਖਲੇ ਹੋ ਚੁੱਕੇ ਸਿੰਬਲ ਦੇ ਦਰੱਖਤਾਂ ਨੂੰ ਜਲਦੀ ਕੱਟਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All