ਸਿਮਰਤ ਪਾਲ ਸਿੰਘ
ਜੰਡਿਆਲਾ ਗੁਰੂ, 9 ਸਤੰਬਰ
ਇੱਥੋਂ ਨਜ਼ਦੀਕੀ ਸਥਿਤ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੀ ਇਮਾਰਤ ਦਾ ਕੁਝ ਹਿੱਸਾ ਖੰਡਰ ਬਣ ਗਿਆ, ਜਿਸ ਨੂੰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੈ। ਇਸ ਸਬੰਧੀ ਇੱਥੇ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਦੀ ਇਮਾਰਤ ਦਾ ਇੱਕ ਹਿੱਸਾ ਬਿਲਕੁਲ ਖੰਡਰ ਹੈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਇਹ ਨਸ਼ੇੜੀ ਇੱਥੇ ਦਵਾਈ ਲੈਣ ਆਉਂਦੇ ਲੋਕਾਂ ਦੇ ਸਾਮਾਨ, ਮੋਬਾਈਲ ਅਤੇ ਮੋਟਰਸਾਈਕਲ ਤੱਕ ਵੀ ਚੋਰੀ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਇਸ ਸਰਕਾਰੀ ਹਸਪਤਾਲ ’ਤੇ ਕਰੀਬ 12-13 ਪਿੰਡਾਂ ਦੇ ਲੋਕ ਨਿਰਭਰ ਹਨ। ਇੱਥੇ ਹੀ ਬੱਸ ਨਹੀਂ ਨਸ਼ੇੜੀ ਹਸਪਤਾਲ ਦੀ ਠੀਕ ਇਮਾਰਤ ’ਚੋਂ ਕਈ ਛੱਤ ਵਾਲੇ ਪੱਖੇ ਵੀ ਚੋਰੀ ਕਰ ਚੁੱਕੇ ਹਨ ਅਤੇ ਹੋਰ ਜੋ ਕੁਝ ਵੀ ਹੱਥ ਲਗਦਾ ਲੈ ਜਾਂਦੇ ਹਨ।
ਇਸ ਸਬੰਧੀ ਐੱਸਐੱਮਓ ਮਾਨਾਂਵਾਲਾ ਡਾ. ਸੁਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਹ ਖੁਦ ਇਨ੍ਹਾਂ ਨਸ਼ੇੜੀਆਂ ਕੋਲੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰੀ ਲਿਖਤੀ ਸ਼ਿਕਾਇਤ ਥਾਣੇ ਤੋਂ ਲੈ ਕੇ ਐੱਸਐੱਸਪੀ ਤੱਕ ਨੂੰ ਦੇ ਚੁੱਕੇ ਹਨ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਜੋ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਹੈ, ਉਸ ਵਿੱਚ ਚੋਰੀ ਨਾ ਹੋਵੇ ਇਸ ਲਈ ਆਪਣੀ ਜੇਬ ਵਿਚੋਂ 8 ਹਜ਼ਾਰ ਮਹੀਨੇ ਉਪਰ ਚੌਕੀਦਾਰ ਰੱਖਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹਸਪਤਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।