ਪੱਤਰ ਪ੍ਰੇਰਕ
ਤਰਨ ਤਾਰਨ, 7 ਸਤੰਬਰ
ਇਲਾਕੇ ਦੇ ਪਿੰਡ ਗੋਹਲਵੜ੍ਹ ਵਾਸੀਆਂ ਦੇ ਮਸਲਿਆਂ ਬਾਰੇ ਵਿਚਾਰਾਂ ਕਰਨ ਲਈ ਵਿਸ਼ਵਾਸ ਦੇਣ ’ਤੇ ਵੀ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅੱਜ ਪਿੰਡ ਨਾ ਆਉਣ ਕਾਰਨ ਡਾਢੇ ਰੋਹ ਦਾ ਪ੍ਰਗਟਾਵਾ ਕਰਦਿਆਂ ਪਿੰਡ ਵਾਸੀਆਂ ਨੇ ਵਿਧਾਇਕ ਦੀ ਅਰਥੀ ਸਾੜੀ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਲਾਕਾ ਜ਼ੋਨ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ ਨੇ ਦੱਸਿਆ ਕਿ ਵਿਧਾਇਕ ਦੀ ਆਮਦ ਨੂੰ ਲੈ ਕੇ ਸਵੇਰ ਤੋਂ ਹੀ ਪਿੰਡ ਵਾਸੀ ਇਕੱਠੇ ਹੋਏ ਸਨ ਪਰ ਲੰਬਾ ਸਮਾਂ ਉਡੀਕ ਕਰਨ ’ਤੇ ਵੀ ਵਿਧਾਇਕ ਪਿੰਡ ਨਹੀਂ ਆਏ| ਜਥੇਬੰਦੀ ਦੇ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਧਾਇਕ ਦੀ ਵਾਅਦਾਖਿਲਾਫੀ ਸਬੰਧੀ ਡੀਐੱਸਪੀ ਤਰਸੇਮ ਮਸੀਹ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਸਾਨਾਂ ਤੇ ਲੋਕਾਂ ਨੂੰ ਵਿਧਾਇਕ ਦੇ ਤਰਨ ਤਾਰਨ ਦਫਤਰ ਆ ਕੇ ਗੱਲਬਾਤ ਕਰਨ ਲਈ ਕਿਹਾ, ਜਿਸ ਨੂੰ ਜਥੇਬੰਦੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ| ਇਸ ਮੌਕੇ ਮਨਜਿੰਦਰ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਆਗੂ ਨਵਜੀਤ ਸਿੰਘ, ਗੁਰਸ਼ਰਨ ਸਿੰਘ,ਲਵਪ੍ਰੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ|