ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 24 ਸਤੰਬਰ
ਪਿੰਡ ਬਹੂਰੀਆਂ ਸੈਣੀਆਂ ਵਿੱਚ ਕਿਸਾਨ ਪਰਮਜੀਤ ਸਿੰਘ (55) ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲੀਸ ਨੇ ਦੋ ਦਿਨਾਂ ਵਿੱਚ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ ਹੈ। ਕਥਿਤ ਕਾਤਲ ਪਿੰਡ ਦਾ ਹੀ ਇਕ ਨੌਜਵਾਨ ਨਿਕਲਿਆ, ਜਿਸ ਨੇ ਆਪਣੇ ਪਿਤਾ ਦੀ ਮੌਤ ਦੀ ਰੰਜਿਸ਼ ਤਹਿਤ ਇਸ ਕਤਲ ਨੂੰ ਅੰਜ਼ਾਮ ਦਿੱਤਾ ਹੈ। ਇਸ ਸਬੰਧੀ ਡੀ.ਐੱਸ.ਪੀ.(ਦਿਹਾਤੀ) ਗੁਰਦਾਸਪੁਰ ਜਸਬਿੰਦਰ ਸਿੰਘ (ਪੀ.ਪੀ.ਐੱਸ) ਨੇ ਥਾਣਾ ਧਾਰੀਵਾਲ ਵਿੱਚ ਪ੍ਰੈੱਸਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਥਾਣਾ ਧਾਰੀਵਾਲ ਦੇ ਮੁਖੀ ਸਰਬਜੀਤ ਸਿੰਘ ਚਾਹਲ, ਥਾਣਾ ਕਾਹਨੂੰਵਾਨ ਦੇ ਮੁਖੀ ਸੁਖਜੀਤ ਸਿੰਘ ਰਿਆੜ ਵੀ ਮੌਜੂਦ ਸਨ।ਪੁਲੀਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਬਹੂਰੀਆਂ ਸੈਣੀਆਂ ਵਿੱਚ 21 ਸਤੰਬਰ 2022 ਨੂੰ ਹੋਏ ਕਤਲ ਸਬੰਧੀ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਅਨੁਸਾਰ ਨਾਮਲੂਮ ਵਿਰੁੱਧ ਧਾਰਾ 302 ਭ.ਦ ਤਹਿਤ ਮੁਕੱਦਮਾ ਦਰਜ ਕੀਤਾ ਸੀ।ਦੋ ਦਿਨਾਂ ਬਾਅਦ ਕਾਤਲ ਜਸਜੀਤ ਸਿੰਘ ਉਰਫ ਮਿੱਠੂ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਬਹੂਰੀਆ ਸੈਣੀਆ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਪਿਤਾ ਦੀ ਮੌਤ ਦੀ ਰੰਜਿਸ਼ ਤਹਿਤ ਇਸ ਕਤਲ ਨੂੰ ਅੰਜਾਮ ਦਿੱਤਾ ਹੈ ਅਤੇ ਕਹੀ ਨਾਲ ਉਸਨੇ ਇਹ ਕਤਲ ਕੀਤਾ ਹੈ।