ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਬਿਆਸ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਬੇਟ ਖੇਤਰ ਦੇ ਬਹੁਤ ਸਾਰੇ ਪਿੰਡ ਹੜ੍ਹ ਤੋਂ ਅਜੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਰ ਕੇ ਘਰਾਂ ਦੀਆਂ ਛੱਤਾਂ ਉੱਤੇ ਰਹਿਣ ਲਈ ਮਜਬੂਰ ਹਨ। ਧੁੱਸੀ ਬੰਨ੍ਹ ਵਿੱਚ ਪਿਆ ਪਾੜ ਭਾਵੇਂ ਪੂਰਿਆ ਜਾ ਚੁੱਕਿਆ ਹੈ ਪਰ ਫਿਰ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਟ ਖੇਤਰ ਦੇ ਪਿੰਡ ਭੈਣੀ ਮੀਆਂ ਖਾਂ ‘ਚ ਅਜੇ ਤੱਕ ਵੀ ਕੁੱਝ ਲੋਕ ਘਰਾਂ ਦੀਆਂ ਛੱਤਾਂ ਉੱਤੇ ਤੰਬੂ ਲਗਾ ਕੇ ਰਹਿਣ ਨੂੰ ਮਜਬੂਰ ਹਨ। ਘਰਾਂ ਦੀਆਂ ਕੰਧਾਂ ‘ਚ ਵੀ ਤਰੇੜਾਂ ਪੈ ਚੁੱਕੀਆਂ ਹਨ ਅਤੇ ਕਈ ਜਗ੍ਹਾ ਤੇ ਮਕਾਨਾਂ ਦੀਆਂ ਨੀਂਹਾਂ ਬੈਠ ਗਈਆਂ ਅਤੇ ਫ਼ਰਸ਼ ਹੇਠਾਂ ਧਸ ਗਏ ਹਨ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਅੰਮਾਂ ਦੇਵੀ, ਕਸ਼ਮੀਰ ਸਿੰਘ ਅਤੇ ਸੰਨੀ ਨੇ ਦੱਸਿਆ ਕਿ ਜਿਸ ਦਨਿ ਹੜ੍ਹ ਆਇਆ ਸੀ ਉਨ੍ਹਾਂ ਦੀਆਂ ਗਲੀਆਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ। ਹੁਣ ਭਾਵੇਂ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ। ਕਈ ਜਗ੍ਹਾ ਤੇ ਕੰਧਾਂ ਡਿਗ ਵੀ ਚੁੱਕੀਆਂ ਹਨ। ਮਕਾਨਾਂ ਦੀਆ ਨੀਂਹਾਂ ਬੈਠ ਗਈਆਂ ਹਨ। ਘਰਾਂ ਦੇ ਫ਼ਰਸ਼ ਹੇਠਾਂ ਧਸ ਗਏ ਹਨ। ਇਸ ਲਈ ਉਹ ਦਹਿਸ਼ਤ ਵਿੱਚ ਹੋਣ ਕਰ ਕੇ ਘਰਾਂ ਦੀਆਂ ਛੱਤਾਂ ਉੱਤੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਹੁਣ ਮੀਂਹ ਫਿਰ ਆ ਗਿਆ ਤਾਂ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਉਨ੍ਹਾਂ ਦੇ ਇਲਾਕੇ ਵਿੱਚ ਖੜ੍ਹਾ ਹੜ੍ਹ ਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਕਰਮਚਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ।